ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਨਸਬੰਦੀ ਪੰਦਰਵਾੜਾ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਅੱਜ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਮੂਹ ਆਸ਼ਾ ਫੈਸੀਲੀਟੇਟਰਜ ਨਾਲ ਮੀਟਿੰਗ ਆਯੋਜਿਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਸੁਰੱਖਿਅਤ ਨਸਬੰਦੀ ਸੇਵਾਵਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਫੈਲਾਉਣਾ ਅਤੇ ਯੋਗ ਜੋੜਿਆਂ ਨੂੰ ਸਿਹਤਮੰਦ ਪਰਿਵਾਰ ਯੋਜਨਾ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਡਾ. ਸਿੰਘ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਸਿਰਫ਼ ਜਨਸੰਖਿਆ ਕੰਟਰੋਲ ਦਾ ਹੀ ਸਾਧਨ ਨਹੀਂ, ਬਲਕਿ ਮਾਂ-ਬੱਚੇ ਦੀ ਸਿਹਤ, ਪਰਿਵਾਰ ਦੀ ਆਰਥਿਕ ਸਥਿਤੀ ਅਤੇ ਸਮਾਜਿਕ ਤਰੱਕੀ ਲਈ ਵੀ ਬਹੁਤ ਜ਼ਰੂਰੀ ਹੈ। ਚਾਹੇ ਔਰਤਾਂ ਲਈ ਟਿਊਵੈਕਟੋਮੀ ਹੋਵੇ ਜਾਂ ਪੁਰਸ਼ਾਂ ਲਈ ਵਸੈਕਟੋਮੀ ਇਕ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਇਕ-ਵਾਰ ਕੀਤਾ ਜਾਣ ਵਾਲਾ ਪਰਿਵਾਰ ਨਿਯੋਜਨ ਢੰਗ ਹੈ, ਜੋ ਹਮੇਸ਼ਾ ਲਈ ਭਰੋਸੇਮੰਦ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਸਮੂਹ ਆਸ਼ਾ ਫੈਸੀਲੀਟੇਟਰਜ ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਹਰ ਜੋੜੇ ਨੂੰ ਆਪਣੀ ਸੁਵਿਧਾ, ਸਿਹਤ ਸਥਿਤੀ ਅਤੇ ਪਰਿਵਾਰਕ ਯੋਜਨਾ ਦੇ ਅਨੁਸਾਰ ਸਭ ਤੋਂ ਉਚਿਤ ਢੰਗ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੋ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਨਸਬੰਦੀ ਪੰਦਰਵਾੜਾ ਦੌਰਾਨ ਪੁਰਸ਼ ਨਸਬੰਦੀ (ਵੈਸੈਕਟਮੀ) ਨੂੰ ਵਿਸ਼ੇਸ਼ ਤੌਰ 'ਤੇ ਪਹਿਲ ਦਿੱਤੀ ਜਾਵੇ, ਕਿਉਂਕਿ ਇਹ ਇਕ ਆਸਾਨ, ਤੇਜ਼ ਤੇ ਬਿਨਾਂ ਟਾਂਕੇ ਦੀ ਪ੍ਰਕਿਰਿਆ ਹੈ ਜੋ ਮਹਿਲਾਵਾਂ ਦੀ ਜ਼ਿੰਮੇਵਾਰੀ ਨੂੰ ਘਟਾਉਂਦੀ ਹੈ। ਸਿਹਤ ਵਿਭਾਗ ਨੇ ਸਮਾਜ ਦੇ ਸਭ ਵਰਗਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਜਾਗਰੂਕਤਾ ਮੁਹਿੰਮ ਵਿਚ ਸਹਿਯੋਗ ਦੇ ਕੇ ਪਰਿਵਾਰ ਨਿਯੋਜਨ ਬਾਰੇ ਗਲਤਫ਼ਹਿਮੀ ਜਾ ਕਿਸੇ ਵਹਿਮਾਂ-ਭਰਮਾਂ ਤੋਂ ਦੂਰ ਕਰਨ ਵਿਚ ਸਹਾਇਤਾ ਕਰਨ।