ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਮੁੜ ਇੱਕ ਵਿਵਾਦ ਵਿੱਚ ਫਸ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਦੇ ਇਲਜ਼ਾਮਾਂ ਤਹਿਤ ਉਨ੍ਹਾਂ ਖਿਲਾਫ਼ ਲੁਧਿਆਣਾ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਵਿਵਾਦ ਕੀ ਹੈ?
ਇਲਜ਼ਾਮਾਂ ਅਨੁਸਾਰ, ਬੱਬੂ ਮਾਨ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ 15 ਅਤੇ 16 ਨਵੰਬਰ ਨੂੰ ਕਰਵਾਏ ਗਏ ਮਾਂ ਚਿੰਤਪੁਰਨੀ ਮਹੋਤਸਵ ਦੌਰਾਨ ਪੇਸ਼ਕਾਰੀ ਦਿੱਤੀ। ਹਿੰਦੂ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਹੈ ਕਿ ਜਿਸ ਸਥਾਨ 'ਤੇ ਬੱਬੂ ਮਾਨ ਗੀਤ ਗਾ ਰਹੇ ਸਨ, ਉਸ ਪੂਰੇ ਸੈੱਟ ਨੂੰ ਚਿੰਤਪੁਰਨੀ ਦਰਬਾਰ ਦਾ ਸਰੂਪ ਦਿੱਤਾ ਹੋਇਆ ਸੀ। ਇਸ ਸਮਾਗਮ ਦਾ ਨਾਂ ਵੀ ਚਿੰਤਪੁਰਨੀ ਮਹੋਤਸਵ ਸੀ ਅਤੇ ਉਥੇ ਜੋਤ ਵੀ ਜਗ ਰਹੀ ਸੀ। ਇਸ ਧਾਰਮਿਕ ਮਾਹੌਲ ਵਿੱਚ, ਉਨ੍ਹਾਂ ਵੱਲੋਂ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਏ ਗਏ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਜੇਕਰ ਮਹੋਤਸਵ ਦਾ ਨਾਮ ਕੁਝ ਹੋਰ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਕੋਈ ਦਿੱਕਤ ਨਾ ਹੁੰਦੀ, ਪਰ ਖਾਸ ਤੌਰ 'ਤੇ ਧਾਰਮਿਕ ਸੈੱਟ ਨੂੰ ਸਜਾ ਕੇ ਅਜਿਹੇ ਗੀਤ ਗਾਉਣਾ ਅਪਮਾਨਜਨਕ ਹੈ।
ਕਿਸ ਨੇ ਕੀਤੀ ਸ਼ਿਕਾਇਤ ਅਤੇ ਕੀ ਹੈ ਮੰਗ?
ਇਹ ਸ਼ਿਕਾਇਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹਿੰਦੂ ਸੰਗਠਨਾਂ ਅਤੇ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈ। ਖਾਸ ਤੌਰ 'ਤੇ, ਸ਼ਿਕਾਇਤ ਜੈ ਮਾਂ ਲੰਗਰ ਸੇਵਾ ਸਮਿਤੀ ਅਤੇ ਡੇਰਾ ਮੱਸਾ ਭਾਈ ਪੜੈਨ ਵੱਲੋਂ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਬੱਬੂ ਮਾਨ ਸਮੇਤ ਸ਼ੋਅ ਦੇ ਆਯੋਜਕ ਖਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸਮੇਂ ਇਸ ਮਾਮਲੇ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਜਿਹੜਾ ਹੈ ਜਾਹਿਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਬੱਬੂ ਮਾਨ ਦੀ ਤਰਫ਼ੋਂ ਇਸ ਮਾਮਲੇ 'ਤੇ ਹੁਣ ਤੱਕ ਕੋਈ ਅਧਿਕਾਰਕ ਪ੍ਰਤੀਕਰਮ ਸਾਹਮਣੇ ਨਹੀਂ ਆਇਆ।