ਈਰਾਨ ਦੇ ਸਰਵਉੱਚ ਨੇਤਾ ਨੇ ਸ਼ਨੀਵਾਰ ਨੂੰ ਦੇਸ਼ ਵਿਚ ਅਸ਼ਾਂਤੀ ਪੈਦਾ ਕਰਨ ਵਾਲੇ ਵਿਖਾਵਿਆਂ ’ਤੇ ਕਿਹਾ ਕਿ ‘ਦੰਗੇਬਾਜ਼ਾਂ ’ਤੇ ਸਖ਼ਤੀ ਕਰਨੀ ਹੋਵੇਗੀ।’ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀਆਂ ਇਹ ਟਿੱਪਣੀਆਂ ਇਕ ਹਫ਼ਤੇ ਤੋਂ ਜਾਰੀ ਵਿਖਾਵਿਆਂ ਪ੍ਰਤੀ ਅਧਿਕਾਰੀਆਂ ਨੂੰ ਵਧੇਰੇ ਹਮਲਾਵਰੀ ਰੁਖ਼ ਅਪਣਾਉਣ ਦੀ ਇਜਾਜ਼ਤ ਦੇਣ ਦਾ ਸੰਕੇਤ ਜਾਪਦੀਆਂ ਹਨ। ਈਰਾਨ ਦੀ ਖਸਤਾ ਆਰਥਿਕ ਹਾਲਤ ਕਾਰਨ ਭੜਕੇ ਵਿਖਾਵਿਆਂ ਦੌਰਾਨ ਹੋਈ ਹਿੰਸਾ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਜਿਹੀ ਸਥਿਤੀ ਵਿਚ 86 ਸਾਲਾ ਅਯਾਤੁੱਲਾ ਅਲੀ ਖਾਮੇਨੇਈ ਦੀ ਇਹ ਪਹਿਲੀ ਟਿੱਪਣੀ ਸਾਹਮਣੇ ਆਈ ਹੈ। ਵਿਖਾਵਿਆਂ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਅਤੇ ਅਜਿਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁੱਕਰਵਾਰ ਨੂੰ ਈਰਾਨ ਨੂੰ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਹੋ ਰਿਹਾ ਹੈ। ਟਰੰਪ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਤਹਿਰਾਨ ‘ਸ਼ਾਂਤੀਪੂਰਨ ਵਿਖਾਵਾਕਾਰੀਆਂ ਦੀ ਹਿੰਸਕ ਹੱਤਿਆ ਕਰਦਾ ਹੈ’ ਤਾਂ ਅਮਰੀਕਾ ‘ਉਨ੍ਹਾਂ ਦੀ ਮਦਦ ਲਈ ਅੱਗੇ ਆਏਗਾ।’