ਬੀਜਿੰਗ : ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਆਪਣੀ ਜਲ ਸੈਨਾ ਦੀ ਤਾਕਤ ਨੂੰ ਤੇਜ਼ੀ ਨਾਲ ਵਧਾਉਂਦੇ ਹੋਏ ਇੱਕ ਨਵਾਂ ਅਪਗ੍ਰੇਡਿਡ ਟਾਈਪ 052D ਗਾਈਡਡ ਮਿਜ਼ਾਈਲ ਡਿਸਟ੍ਰੋਇਰ 'ਲੋਊਡੀ' (Loudi) ਆਪਣੇ ਬੇੜੇ ਵਿੱਚ ਸ਼ਾਮਲ ਕਰ ਲਿਆ ਹੈ। ਇਸ ਨਵੇਂ ਜੰਗੀ ਜਹਾਜ਼ ਦੇ ਸ਼ਾਮਲ ਹੋਣ ਨਾਲ ਚੀਨ ਦੀ ਹਵਾਈ ਰੱਖਿਆ, ਸਮੁੰਦਰੀ ਹਮਲੇ ਅਤੇ ਟਾਸਕ ਫੋਰਸ ਕਮਾਂਡ ਦੀ ਸਮਰੱਥਾ ਵਿੱਚ ਵੱਡਾ ਵਾਧਾ ਹੋਇਆ ਹੈ।
ਬਿਹਤਰ ਰਡਾਰ ਤੇ ਹਥਿਆਰਾਂ ਨਾਲ ਲੈਸ
ਸੂਤਰਾਂ ਅਨੁਸਾਰ, 'ਲੋਊਡੀ' ਨੂੰ ਨਵੀਂ ਪ੍ਰਣਾਲੀ ਅਤੇ ਆਰਕੀਟੈਕਚਰ 'ਤੇ ਤਿਆਰ ਕੀਤਾ ਗਿਆ ਹੈ। ਇਸ 'ਚ ਪਹਿਲਾਂ ਨਾਲੋਂ ਬਿਹਤਰ ਰਡਾਰ, ਆਧੁਨਿਕ ਹਥਿਆਰ ਅਤੇ ਨੈੱਟਵਰਕ ਸਿਸਟਮ ਲਗਾਏ ਗਏ ਹਨ। ਇਹ ਜਹਾਜ਼ ਦੂਰ ਤੱਕ ਮਾਰ ਕਰਨ ਅਤੇ ਦੁਸ਼ਮਣ ਦੇ ਠਿਕਾਣਿਆਂ 'ਤੇ ਸਟੀਕ ਨਿਸ਼ਾਨਾ ਲਗਾਉਣ ਦੇ ਸਮਰੱਥ ਹੈ, ਨਾਲ ਹੀ ਇਹ ਆਪਣੇ ਸਾਥੀ ਜਹਾਜ਼ਾਂ ਦੀ ਰੱਖਿਆ ਕਰਨ 'ਚ ਵੀ ਮਦਦਗਾਰ ਸਾਬਤ ਹੋਵੇਗਾ।
ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ ਬਣਿਆ ਚੀਨ
ਮਾਹਰਾਂ ਦਾ ਮੰਨਣਾ ਹੈ ਕਿ ਚੀਨ ਹਰ ਮਹੀਨੇ ਆਪਣੇ ਬੇੜੇ ਵਿੱਚ ਇੱਕ ਨਵਾਂ ਜਹਾਜ਼ ਜੋੜ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਚੀਨ ਦੀ ਜਲ ਸੈਨਾ ਹੁਣ ਦੁਨੀਆ ਦੀ ਸਭ ਤੋਂ ਵੱਡੀ ਫੌਜ ਬਣ ਗਈ ਹੈ, ਜਿਸ ਕੋਲ 234 ਜੰਗੀ ਜਹਾਜ਼ ਹਨ, ਜਦਕਿ ਅਮਰੀਕਾ ਕੋਲ 219 ਜਹਾਜ਼ ਹਨ। ਸਾਲ 2025 ਵਿੱਚ ਹੀ ਚੀਨ ਨੇ 11 ਨਵੇਂ ਜਹਾਜ਼ ਆਪਣੇ ਬੇੜੇ ਵਿੱਚ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿੱਚ ਜਹਾਜ਼ ਕੈਰੀਅਰ 'ਫੁਜੀਅਨ' (Fujian) ਵੀ ਸ਼ਾਮਲ ਹੈ।
ਪਾਕਿਸਤਾਨ ਦੀ ਵੀ ਕਰ ਰਿਹਾ ਹੈ ਮਦਦ
ਆਪਣੀ ਤਾਕਤ ਵਧਾਉਣ ਦੇ ਨਾਲ-ਨਾਲ ਚੀਨ ਆਪਣੇ ਕਰੀਬੀ ਦੋਸਤ ਪਾਕਿਸਤਾਨ ਨੂੰ ਵੀ ਆਧੁਨਿਕ ਜੰਗੀ ਸਾਜ਼ੋ-ਸਾਮਾਨ ਮੁਹੱਈਆ ਕਰਵਾ ਰਿਹਾ ਹੈ। ਚੀਨ ਨੇ ਪਾਕਿਸਤਾਨ ਲਈ ਚੌਥੀ ਹਾਂਗੋਰ-ਕਲਾਸ ਪਨਡੁੱਬੀ ਲਾਂਚ ਕੀਤੀ ਹੈ, ਜਿਸ ਦਾ ਨਾਮ 'ਗਾਜ਼ੀ' ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਨੇ ਚੀਨ ਤੋਂ ਅਜਿਹੀਆਂ ਕੁੱਲ 8 ਪਨਡੁੱਬੀਆਂ ਖਰੀਦਣ ਦਾ ਸਮਝੌਤਾ ਕੀਤਾ ਹੈ।
ਖੇਤਰੀ ਸੁਰੱਖਿਆ 'ਤੇ ਪ੍ਰਭਾਵ
ਇੰਡੋ-ਪੈਸੀਫਿਕ ਖੇਤਰ ਵਿੱਚ ਵਧਦੇ ਤਣਾਅ ਦੇ ਵਿਚਕਾਰ ਚੀਨ ਦਾ ਇਹ ਤੇਜ਼ੀ ਨਾਲ ਹੋ ਰਿਹਾ ਫੌਜੀ ਵਿਸਤਾਰ ਖੇਤਰੀ ਸੁਰੱਖਿਆ ਲਈ ਚੁਣੌਤੀਆਂ ਪੈਦਾ ਕਰ ਸਕਦਾ ਹੈ। ਚੀਨ ਲਗਾਤਾਰ ਅਮਰੀਕਾ ਦੇ ਮੁਕਾਬਲੇ ਆਪਣੀ ਜਲ ਸੈਨਾ ਨੂੰ ਮਜ਼ਬੂਤ ਕਰਨ ਵਿੱਚ ਜੁਟਿਆ ਹੋਇਆ ਹੈ।