ਡੇਰਾਬੱਸੀ : ਗਮਾਡਾ ਦੇ ਰੈਗੂਲੇਟਰੀ ਵਿੰਗ ਵੱਲੋਂ ਡੇਰਾਬੱਸੀ ਇਲਾਕੇ ਦੇ ਪਿੰਡ ਪੰਡਵਾਲਾ, ਸੁੰਡਰਾਂ, ਖੇੜੀ ਅਤੇ ਮੋਰਠੀਕਰੀ 'ਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਵਿਸ਼ੇਸ਼ ਪੀਲਾ ਪੰਜਾ ਮੁਹਿੰਮ ਚਲਾਈ ਗਈ। ਇਸ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਵਿਕਸਤ ਕੀਤੀਆਂ ਜਾ ਰਹੀਆਂ ਕਾਲੋਨੀਆਂ 'ਚ ਨਿਯਮਾਂ ਦੀ ਉਲੰਘਣਾ ਕਰਕੇ ਕੀਤੀਆਂ ਗਈਆਂ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਕਾਰਵਾਈ ਦੌਰਾਨ ਵਿਭਾਗੀ ਟੀਮ ਨੇ ਨਾਜਾਇਜ਼ ਕਾਲੋਨੀਆਂ 'ਚ ਵਿਛਾਈਆਂ ਗਈਆਂ ਸੀਵਰੇਜ ਲਾਈਨਾਂ ਨੂੰ ਤੋੜ ਦਿੱਤਾ। ਇਸ ਤੋਂ ਇਲਾਵਾ ਸੜਕਾਂ ਲਈ ਕੀਤੀਆਂ ਗਈਆਂ ਨਾਜਾਇਜ਼ ਕਟਾਈਆਂ ਅਤੇ ਸੜਕਾਂ ਦੀ ਉਸਾਰੀ ਨਾਲ ਸਬੰਧਿਤ ਕੰਮਾਂ ਨੂੰ ਵੀ ਢਾਹ ਦਿੱਤਾ ਗਿਆ। ਉੱਥੇ ਹੀ, ਜਿਨ੍ਹਾਂ ਥਾਵਾਂ 'ਤੇ ਇਮਾਰਤਾਂ ਦੀਆਂ ਨੀਂਹਾਂ ਪਾ ਕੇ ਉਸਾਰੀ ਦਾ ਕੰਮ ਡੀ. ਪੀ. ਸੀ. (ਡੈਂਪ ਪ੍ਰੂਫ ਕੋਰਸ) ਪੱਧਰ ਤੱਕ ਪਹੁੰਚ ਚੁੱਕਾ ਸੀ, ਉਨ੍ਹਾਂ ਉਸਾਰੀਆਂ ਨੂੰ ਵੀ ਤੋੜ ਦਿੱਤਾ ਗਿਆ।
ਵਿਭਾਗ ਦੀ ਇਸ ਕਾਰਵਾਈ ਕਾਰਨ ਨਾਜਾਇਜ਼ ਕਾਲੋਨੀਆਂ ਵਿਕਸਿਤ ਕਰਨ ਵਾਲਿਆਂ 'ਚ ਹੜਕੰਪ ਮਚ ਗਿਆ। ਇਹ ਮੁਹਿੰਮ ਗਮਾਡਾ ਦੇ ਰੈਗੂਲੇਟਰੀ ਵਿੰਗ ਵੱਲੋਂ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਅਤੇ ਨਾਜਾਇਜ਼ ਉਸਾਰੀ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਦੇ ਮਕਸਦ ਨਾਲ ਚਲਾਈ ਗਈ। ਵਿਭਾਗੀ ਟੀਮ ਨੇ ਸਪੱਸ਼ਟ ਕੀਤਾ ਕਿ ਲੋੜੀਂਦੀਆਂ ਮਨਜ਼ੂਰੀਆਂ ਤੋਂ ਬਿਨਾਂ ਕਾਲੋਨੀਆਂ ਵਿਕਸਿਤ ਕਰਨਾ, ਸੀਵਰੇਜ ਲਾਈਨਾਂ ਵਿਛਾਉਣਾ, ਸੜਕਾਂ ਬਣਾਉਣਾ ਅਤੇ ਇਮਾਰਤਾਂ ਦੀ ਉਸਾਰੀ ਕਰਨਾ ਕਾਨੂੰਨ ਦੀ ਉਲੰਘਣਾ ਹੈ। ਅਜਿਹੇ ਮਾਮਲਿਆਂ 'ਚ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੁਹਿੰਮ 'ਚ ਏ. ਟੀ. ਪੀ. ਗਗਨਦੀਪ ਸਿੰਘ, ਜੇਈ ਸ਼ੁਭਕਰਮਨ ਸਿੰਘ ਅਤੇ ਜੇਈ ਬਲਕਰਨ ਸਿੰਘ ਸਮੇਤ ਰੈਗੂਲੇਟਰੀ ਵਿੰਗ ਦੀ ਟੀਮ ਸ਼ਾਮਲ ਰਹੀ। ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਢਾਂਚਿਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਗਈ। ਵਿਭਾਗ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਕਾਲੋਨੀ ਵਿੱਚ ਪਲਾਟ ਖਰੀਦਣ ਤੋਂ ਪਹਿਲਾਂ ਉਸ ਦੀ ਕਾਨੂੰਨੀ ਸਥਿਤੀ ਅਤੇ ਸਬੰਧਤ ਵਿਭਾਗਾਂ ਤੋਂ ਪ੍ਰਾਪਤ ਮਨਜ਼ੂਰੀਆਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਂ ਆਰਥਿਕ ਪਰੇਸ਼ਾਨੀ ਤੋਂ ਬਚਿਆ ਜਾ ਸਕੇ।