ਜਬਲਪੁਰ : ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਬਰਗੀ ਡੈਮ 'ਤੇ ਹੋਏ ਕਰੂਜ਼ ਜਹਾਜ਼ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 5 ਸਾਲਾ ਮਯੂਰਾਮ ਅਤੇ ਉਸ ਦੇ ਚਾਚੇ, ਕਾਮਰਾਜ (ਲਗਭਗ 50) ਦੀਆਂ ਲਾਸ਼ਾਂ ਐਤਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ। ਕਾਮਰਾਜ ਖਮਾਰੀਆ ਆਰਡੀਨੈਂਸ ਫੈਕਟਰੀ 'ਚ ਕਰਮਚਾਰੀ ਸੀ। ਬਰਗੀ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਅੰਜੁਲ ਅਯੰਕ ਮਿਸ਼ਰਾ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਪਾਣੀ 'ਚੋਂ ਮਿਲੀਆਂ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ 13 ਲਾਪਤਾ ਲੋਕਾਂ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੁਲਸ ਦੇ ਅਨੁਸਾਰ, ਹਾਦਸੇ ਤੋਂ ਬਾਅਦ ਖੋਜ ਮੁਹਿੰਮ ਲਈ ਆਗਰਾ ਤੋਂ ਹਵਾਈ ਮਾਰਗ ਤੋਂ ਲਿਆਂਦੇ ਗਏ ਫ਼ੌਜ ਦੇ ਕਰੀਬ 20 ਗੋਤਾਖੋਰਾਂ ਸਮੇਤ 200 ਤੋਂ ਵੱਧ ਬਚਾਅ ਕਰਮਚਾਰੀ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐੱਨਡੀਆਰਐੱਫ), ਰਾਜ ਆਫ਼ਤ ਰਿਸਪਾਂਸ ਫੋਰਸ (ਐੱਸਡੀਆਰਐੱਫ) ਅਤੇ ਸਥਾਨਕ ਗੋਤਾਖੋਰਾਂ ਦੀ ਟੀਮ ਸ਼ਾਮਲ ਰਹੀ। ਪੁਲਸ ਨੇ ਦੱਸਿਆ ਕਿ ਕਿਸ਼ਤੀ 'ਤੇ ਸਵਾਰ ਜਿਹੜੇ 41 ਯਾਤਰੀਆਂ ਦੀ ਪਛਾਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚੋਂ 28 ਨੂੰ ਬਚਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ 'ਚ 43 ਲੋਕ ਕਰੂਜ਼ ਵੱਲ ਜਾਂਦੇ ਦਿਖਾਈ ਦਿੱਤੇ। ਕਰੀਬ 20 ਸਾਲ ਪੁਰਾਣੀ ਅਤੇ ਰਾਜ ਸੈਰ-ਸਪਾਟਾ ਵਿਭਾਗ ਵਲੋਂ ਸੰਚਾਲਿਤ ਕੀਤੀ ਜਾ ਰਹੀ ਇਹ ਕਿਸ਼ਤੀ ਵੀਰਵਾਰ ਸ਼ਾਮ ਆਏ ਤੂਫ਼ਾਨ ਕਾਰਨ ਪਲਟ ਗਈ ਸੀ। ਰਾਜ ਸਰਕਾਰ ਨੇ ਸ਼ੁੱਕਰਵਾਰ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ। ਨਾਲ ਹੀ, ਇਸ ਤਰ੍ਹਾਂ ਦੀਆਂ ਕਿਸ਼ਤੀਆਂ ਦੇ ਸੰਚਾਲਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।