ਮਲੇਸ਼ੀਆ ਦੀ ਮੇਜ਼ਬਾਨੀ 'ਚ ਇਨ੍ਹਾਂ ਦਿਨਾਂ 'ਚ ਮਹਿਲਾ ਅੰਡਰ 19 ਟੀ20 ਵਰਲਡ ਕੱਪ 2025 ਖੇਡਿਆ ਜਾ ਰਿਹਾ ਹੈ। ਇਸ 'ਚ ਭਾਰਤੀ ਟੀਮ ਨੇ ਧੂਮ ਮਚਾਈ ਹੋਈ ਹੈ। ਐਤਵਾਰ ਨੂੰ ਭਾਰਤੀ ਟੀਮ ਤੇ ਵੈਸਟਇੰਡੀਜ਼ ਦਰਮਿਆਨ ਕੁਆਲਾਲੰਪੁਰ 'ਚ ਮੈਚ ਖੇਡਿਆ ਗਿਆ, ਜਿਸ ਨੂੰ ਟੀਮ ਇੰਡੀਆ ਨੇ 4.2 ਓਵਰਾਂ 'ਚ ਆਪਣੇ ਨਾਂ ਕਰ ਲਿਆ।
ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਵੈਸਟਇੰਡੀਜ਼ ਨੂੰ 44 ਦੌੜਾਂ 'ਤੇ ਸਮੇਟ ਦਿੱਤਾ। ਵਿੰਡੀਜ਼ ਦੇ ਟੀਮ 13.2 ਓਵਰ ਹੀ ਖੇਡ ਸਕੀ। ਵੈਸਟਇੰਡੀਜ਼ ਦੇ 5 ਬੱਲੇਬਾਜ਼ ਖਾਤਾ ਵੀ ਨਾ ਖੋਲ ਸਕੇ ਜਦਕਿ 2 ਹੀ ਦਹਾਈ ਦਾ ਅੰਕੜਾ ਛੂਹ ਸਕੇ। ਕੇਨਿਕਾ ਕਾਸਰ ਨੇ ਸਭ ਤੋਂ ਜ਼ਿਆਦਾ 15 ਦੌੜਾਂ ਬਣਾਈਆਂ।
ਭਾਰਤੀ ਟੀਮ ਲਈ ਪਰੂਨਿਕਾ ਸਿਸੋਦੀਆ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਝਟਕਾਈਆਂ ਜਦਕਿ ਆਯੂਸ਼ੀ ਸ਼ੁਕਲਾ ਤੇ ਵੀਜੇ ਜੋਸ਼ੀਥਾ ਨੇ 2-2 ਸਫਲਤਾਵਾਂ ਹਾਸਲ ਕੀਤੀਆਂ। 45 ਦੌੜਾਂ ਦੇ ਟਾਰਗੇਟ ਦੇ ਜਵਾਬ 'ਚ ਭਾਰਤੀ ਟੀਮ ਨੇ 4.2 ਓਵਰ 'ਚ ਹੀ ਮੈਚ ਆਪਣੇ ਨਾਂ ਕਰ ਲਿਆ। ਇਸ ਦੌਰਾਨ ਟੀਮ ਨੇ ਸਿਰਫ ਇਕ ਵਿਕਟ ਗੁਆਇਆ।
ਭਾਰਤੀ ਟੀਮ ਦਾ ਅਗਲਾ ਗਰੁੱਪ ਮੈਚ ਹੁਣ ਮਲੇਸ਼ੀਆ ਨਾਲ ਹੋਵੇਗਾ। ਇਹ ਮੁਕਾਬਲਾ 21 ਜਨਵਰੀ ਨੂੰ ਹੋਵੇਗਾ। ਪਿਛਲੇ ਮੈਚ 'ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ ਸੀ।