ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪ੍ਰੀਤ ਪੱਤੀ) : ਖਰੜ ਹਲਕੇ ਦੀ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਅੱਜ ਰਾਮ ਭਵਨ, ਖਰੜ ਵਿਖੇ ਆਯੋਜਿਤ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ (ਅਰਬਨ 2.0) ਅਧੀਨ 408 ਲਾਭਪਾਤਰੀਆਂ ਵਿੱਚੋਂ 300 ਲਾਭਪਾਤਰੀਆਂ ਨੂੰ ਨਵੇਂ ਘਰਾਂ ਦੇ ਨਿਰਮਾਣ ਸਬੰਧੀ ਮਨਜ਼ੂਰੀ ਪੱਤਰ ਵੰਡੇ ਗਏ।
ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਲਾਭਪਾਤਰੀ ਨੂੰ ਰੁਪਏ 2.50 ਲੱਖ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ, ਜੋ ਕਿ ਚਾਰ ਕਿਸ਼ਤਾਂ ਵਿੱਚ ਜਾਰੀ ਹੁੰਦੀ ਹੈ — ਪਹਿਲੀ ਕਿਸ਼ਤ 50 ਹਜ਼ਾਰ, ਦੂਜੀ 1 ਲੱਖ, ਅਤੇ ਤੀਜੀ ਤੇ ਚੌਥੀ ਕਿਸ਼ਤ 50-50 ਹਜ਼ਾਰ ਰੁਪਏ ਦੀ ਹੁੰਦੀ ਹੈ। ਇਹ ਕਿਸ਼ਤਾਂ ਘਰ ਦੀ ਨੀਂਹ, ਲੈਂਟਰ, ਛੱਤ ਅਤੇ ਮੁਕੰਮਲ ਹੋਣ ਦੇ ਪੱਧਰ ਅਨੁਸਾਰ ਜਾਰੀ ਕੀਤੀਆਂ ਜਾਂਦੀਆਂ ਹਨ।
ਲਾਭਪਾਤਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਵਿਧਾਇਕ ਮਾਨ ਨੇ ਕਿਹਾ ਕਿ ਇਸ ਯੋਜਨਾ ਨਾਲ ਉਹਨਾਂ ਨੂੰ ਆਪਣਾ ਪੱਕਾ ਘਰ ਮਿਲੇਗਾ, ਜੋ ਕਿ ਉਹਨਾਂ ਦੇ ਜੀਵਨ ਵਿੱਚ ਸੁਰੱਖਿਆ, ਮਾਣ ਅਤੇ ਸੁਖ-ਸਹੂਲਤਾਂ ਦਾ ਅਹਿਸਾਸ ਕਰਵਾਏਗਾ।
ਉਹਨਾਂ ਕਿਹਾ ਕਿ ਇਹ ਯੋਜਨਾ ਕੇਂਦਰ ਤੇ ਰਾਜ ਸਰਕਾਰਾਂ ਦੇ ਸਾਂਝੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਗਰੀਬ ਅਤੇ ਨੀਵੇਂ ਆਮਦਨ ਵਰਗ ਦੇ ਲੋਕਾਂ ਨੂੰ ਆਪਣਾ ਛੱਤ ਮੁਹੱਈਆ ਕਰਵਾਉਣਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਹਰ ਘਰ ਨੂੰ ਛੱਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਸਮਾਜ ਦੇ ਪਿੱਛੜੇ ਤੇ ਜਰੂਰਤਮੰਦ ਵਰਗਾਂ ਦੇ ਸਸ਼ਕਤੀਕਰਨ ਵੱਲ ਇਕ ਮਹੱਤਵਪੂਰਣ ਕਦਮ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਖਰੜ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਮੌਜੂਦ ਸਨ।