ਪਿਛਲੇ ਹਫ਼ਤੇ ਦੁਬਈ ’ਚ ਰਿਕਾਰਡ 8ਵੀਂ ਵਾਰ ਮਹਿਲਾ ਟੀ-20 ਏਸ਼ੀਆ ਕੱਪ ਜਿੱਤਣ ਤੋਂ ਬਾਅਦ ਪਿਛਲੀ ਚੈਂਪੀਅਨ ਅਤੇ ਪ੍ਰਮੁੱਖ ਦਾਅਵੇਦਾਰ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇਥੇ ਏਸ਼ੀਆਈ ਖੇਡਾਂ ’ਚ ਆਪਣੇ ਖਿਤਾਬ ਬਚਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੁਆਰਟਰ ਫਾਈਨਲ ’ਚ ਮੇਜ਼ਬਾਨ ਜਪਾਨ ਵਿਰੁੱਧ ਕਰੇਗੀ। ਦੁਬਈ ’ਚ 8ਵਾਂ ਏਸ਼ੀਆ ਕੱਪ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਆਤਮ-ਵਿਸ਼ਵਾਸ ਵਧਿਆ ਹੋਇਆ ਹੈ ਪਰ ਏਸ਼ੀਆਡ ਦੇ ਨਾਕਆਊਟ ਫਾਰਮੈੱਟ ’ਚ ਉਨ੍ਹਾਂ ਕੋਲ ਗਲਤੀਆਂ ਦੀ ਗੁੰਜਾਇਸ਼ ਬਹੁਤ ਘੱਟ ਹੋਵੇਗੀ। ਮਹਿਲਾ ਮੁਕਾਬਲੇ ’ਚ 8 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਪ੍ਰਤੀਯੋਗਿਤਾ ਦੀ ਸ਼ੁਰੂਆਤ ਸਿੱਧੇ ਕੁਆਰਟਰ ਫਾਈਨਲ ਨਾਲ ਹੋਵੇਗੀ।
ਇਸ ਦਾ ਮਤਲਬ ਹੈ ਕਿ ਕਿਸੇ ਵੀ ਟੀਮ ਨੂੰ ਟੂਰਨਾਮੈਂਟ ’ਚ ਹਾਲਾਤ ਮੁਤਾਬਕ ਢਲਣ ਲਈ ਗਰੁੱਪ ਪੜਾਅ ਦੇ ਮੁਕਾਬਲੇ ਨਹੀਂ ਮਿਲਣਗੇ ਅਤੇ ਇਕ ਹਾਰ ਮੁਹਿੰਮ ਨੂੰ ਸਮਾਪਤ ਕਰਨ ਲਈ ਕਾਫ਼ੀ ਹੋਵੇਗੀ। ਭਾਰਤ ਲਈ ਸ਼ੈਫਾਲੀ ਵਰਮਾ ਅਹਿਮ ਹੋਵੇਗੀ, ਉਸ ਨੇ ਏਸ਼ੀਆ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸ ’ਚ ਉਹ ਟੀਮ ਦੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਅਤੇ ਟੂਰਨਾਮੈਂਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਰਹੀ। ਟਾਪ ਕ੍ਰਮ ’ਚ ਉਸ ਦੀ ਨਿਰੰਤਰਤਾ ਨੇ ਭਾਰਤ ਨੂੰ ਸੰਯੁਕਤ ਅਰਬ ਅਮੀਰਾਤ ’ਚ ਮਜ਼ਬੂਤ ਸ਼ੁਰੂਆਤ ਦਿਵਾਈ।
ਹਾਲਾਂਕਿ ਸਮ੍ਰਿਤੀ ਮੰਧਾਨਾ ਦੀ ਮੁਹਿੰਮ ਉਤਾਰ-ਚੜ੍ਹਾਅ ਭਰੀ ਰਹੀ ਸੀ। ਉਹ ਵੀ ਭਾਰਤ ਦੇ ਇਕ ਹੋਰ ਖਿਤਾਬੀ ਮੁਹਿੰਮ ਦੀ ਸ਼ੁਰੂਆਤ ਨਾਲ ਆਪਣੀ ਪੁਰਾਣੀ ਲੈਅ ਹਾਸਲ ਕਰਨ ਲਈ ਉਤਸ਼ਾਹਿਤ ਹੋਵੇਗੀ। ਭਾਰਤ ਦੀ ਗੇਂਦਬਾਜ਼ੀ ਕਾਫ਼ੀ ਹੱਦ ਤੱਕ ਤਜ਼ਰੇਬਕਾਰ ਆਲਰਾਊਂਡਰ ਦੀਪਤੀ ਸ਼ਰਮਾ ਅਤੇ ਖੱਬੇ ਹੱਥ ਦੀ ਸਪਿੰਨਰ ਸ਼੍ਰੀ ਚਰਣੀ ਦੇ ਨੇੜੇ-ਤੇੜੇ ਰਹੇਗੀ। ਸ਼੍ਰੀ ਚਰਣੀ ਨੇ ਖੁਦ ਨੂੰ ਟੀਮ ਦੇ ਗੇਂਦਬਾਜ਼ੀ ਹਮਲੇ ਦੀ ਅਹਿਮ ਮੈਂਬਰ ਦੇ ਰੂਪ ’ਚ ਸਥਾਪਿਤ ਕੀਤਾ ਹੈ। ਏਸ਼ੀਆ ਕੱਪ ’ਚ ਸ਼੍ਰੀ ਚਰਣੀ ਭਾਰਤ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ’ਚ ਸ਼ਾਮਿਲ ਸੀ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਭਾਰਤ ਕੋਲ ਕਾਫ਼ੀ ਬਦਲ ਹਨ। ਨੰਦਿਨੀ ਸ਼ਰਮਾ, ਰੇਣੁਕਾ ਠਾਕੁਰ ਅਤੇ ਕ੍ਰਾਂਤੀ ਗੌੜ ਤੇਜ਼ ਗੇਂਦਬਾਜ਼ੀ, ਜਦਕਿ ਦੀਪਤੀ ਸ਼ਰਮਾ, ਸ਼੍ਰੀ ਚਰਣੀ, ਰਾਧਾ ਯਾਦਵ ਅਤੇ ਗੋਡੇ ਦੀ ਸੱਟ ਤੋਂ ਉਭਰ ਚੁੱਕੀ ਸ਼੍ਰੇਅੰਕਾ ਪਾਟਿਲ ਟੀਮ ਨੂੰ ਸਪਿੰਨ ਗੇਂਦਬਾਜ਼ੀ ਦੇ ਕਈ ਬਦਲ ਦਿੰਦੀਆਂ ਹਨ।
ਸਲਾਮੀ ਜੋੜੀ ਤੋਂ ਇਲਾਵਾ ਭਾਰਤੀ ਬੱਲੇਬਾਜ਼ੀ ਕ੍ਰਮ ’ਚ ਵੀ ਗਹਿਰਾਈ ਹੈ। ਵਿਕਟਕੀਪਰ-ਬੱਲੇਬਾਜ਼ ਰਿਚਾ ਘੋਸ਼ ਮੱਧ ਅਤੇ ਹੇਠਲੇ ਕ੍ਰਮ ’ਚ ਤੇਜ਼ੀ ਨਾਲ ਦੌੜਾਂ ਬਣਾਉਣ ’ਚ ਸਮਰੱਥ ਹੈ। ਭਾਰਤੀ ਟੀਮ ਉਮੀਦ ਕਰੇਗੀ ਕਿ ਸ਼ੈਫਾਲੀ ਅਤੇ ਮੰਧਾਨਾ ਟੀਮ ਨੂੰ ਮਜ਼ਬੂਤ ਆਧਾਰ ਦੇਣ, ਜਿਸ ਨਾਲ ਮੱਧਕ੍ਰਮ ਦੇ ਬੱਲੇਬਾਜ਼ ਖੁੱਲ੍ਹ ਕੇ ਖੇਡ ਸਕਣ। ਮਜ਼ਬੂਤ ਵਿਰੋਧੀ ਭਾਰਤ ਦੇ ਸਾਹਮਣੇ ਮੇਜ਼ਬਾਨ ਜਪਾਨ ਘਰੇਲੂ ਮੈਦਾਨ ’ਤੇ ਮੌਕੇ ਦਾ ਪੂਰਾ ਫਾਇਦਾ ਉਠਾਉਣਾ ਚਾਹੇਗਾ। ਜਾਪਾਨ ਨੂੰ ਭਾਰਤ ਦੇ ਮਜ਼ਬੂਤ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨਾ ਪਵੇਗਾ। ਉਸ ਨੂੰ ਭਾਰਤ ਦੇ ਸਪਿੰਨ ਬਦਲਾਂ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਖੇਡਣਾ ਪਵੇਗਾ ਅਤੇ ਨਾਲ ਹੀ ਉਸ ਦੇ ਗੇਂਦਬਾਜ਼ਾਂ ਨੂੰ ਹਮਲਾਵਰ ਟਾਪ ਕ੍ਰਮ ਦੇ ਬੱਲੇਬਾਜ਼ਾਂ ਨੂੰ ਰੋਕਣਾ ਪਵੇਗਾ।
ਟੀਮ ਇਸ ਪ੍ਰਕਾਰ ਹੈ :
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉੱਪ-ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ ਕਮਾਲਿਨੀ (ਵਿਕਟਕੀਪਰ), ਸ਼੍ਰੇਅੰਕਾ ਪਾਟਿਲ, ਭਾਰਤੀ ਫੁਲਮਾਲੀ, ਸ਼੍ਰੀ ਚਰਣੀ, ਰੇਣੁਕਾ ਠਾਕੁਰ, ਕ੍ਰਾਂਤੀ ਗੌੜ, ਅਰੁੰਧਤੀ ਰੈੱਡੀ, ਰਾਧਾ ਯਾਦਵ, ਨੰਦਿਨੀ ਸ਼ਰਮਾ।
ਜਪਾਨ: ਮਾਈ ਯਾਨਾਗਿਡਾ (ਕਪਤਾਨ), ਏਰਿਕਾ ਓਡਾ (ਉੱਪ-ਕਪਤਾਨ), ਅਹਿਲਿਆ ਚੰਦੇਲ, ਅਯੁਮੀ ਫੁਜਿਕਾਵਾ, ਹਿਨਾਸੇ ਗੋਟੋ, ਹਾਰੁਨਾ ਇਵਾਸਾਕੀ, ਅਕਾਰੀ ਨਿਸ਼ੀਮੁਰਾ (ਵਿਕਟਕੀਪਰ), ਸ਼ਿਮਾਕੋ ਕਾਟੋ, ਅਯਾਕਾ ਕਾਟੋ-ਸਟੈਫੋਰਡ, ਏਲੇਨਾ ਕੁਸੁਦਾ-ਨਾਇਰਨ, ਨੋਨੋਹਾ ਯਾਸੁਮੋਤੋ, ਮੈਗ ਓਗਾਵਾ, ਕੁਰੂਮੀ ਓਟਾ, ਸੇਇਕਾ ਸੁਮੀ, ਏਰਿਕਾ ਤੋਗੁਚੀ-ਕਵਿਨ।