ਬੀਤੇ ਮਹੀਨੇ ਨਿਊਜ਼ੀਲੈਂਡ 'ਚ ਸਥਾਨਕ ਲੋਕਾਂ ਵੱਲੋਂ ਨਗਰ ਕੀਰਤਨ ਰੋਕੇ ਜਾਣ ਦੀ ਖ਼ਬਰ ਹਾਲੇ ਲੋਕਾਂ ਨੂੰ ਭੁੱਲੀ ਨਹੀਂ ਸੀ ਕਿ ਉੱਥੋਂ ਇਕ ਹੋਰ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿੱਚ ਸਿੱਖ ਭਾਈਚਾਰੇ ਵੱਲੋਂ ਸਜਾਏ ਗਏ ਨਗਰ ਕੀਰਤਨ ਵਿੱਚ ਸਥਾਨਕ ਮਾਓਰੀ ਸਮੂਹ ਦੇ ਲੋਕਾਂ ਵੱਲੋਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਇਹ ਨਗਰ ਕੀਰਤਨ ਗੁਰਦੁਆਰਾ ਸਿੱਖ ਸੰਗਤ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਕੈਮਰੂਨ ਰੋਡ ਰਾਹੀਂ ਟੌਰੰਗਾ ਬੁਆਏਜ਼ ਕਾਲਜ ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਦੇ ਵਿਚਕਾਰ ਕੱਢਿਆ ਗਿਆ ਸੀ। ਸਥਾਨਕ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਇਸ ਤੋਂ ਇਲਾਵਾਸਿੱਖ ਭਾਈਚਾਰੇ ਨੇ ਵੀ ਨਗਰ ਕੀਰਤਨ ਦੇ ਸ਼ਾਂਤੀਪੂਰਵਕ ਸੰਚਾਲਨ ਲਈ ਵੱਡੀ ਗਿਣਤੀ ਵਿੱਚ ਵਲੰਟੀਅਰ ਤਾਇਨਾਤ ਕੀਤੇ ਸਨ।
ਇਸ ਦੌਰਾਨ ਜਦੋਂ ਨਗਰ ਕੀਰਤਨ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਮਾਓਰੀ ਵਿਅਕਤੀਆਂ ਦੇ ਇੱਕ ਸਮੂਹ ਨੇ ਹਾਕਾ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤੇ ਨਗਰ ਕੀਰਤਨ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਹੱਥਾਂ 'ਚ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ (This is New Zealand, Not India)'। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ, ਪਰ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਇਹ ਸਮਾਗਮ ਬਿਨਾਂ ਕਿਸੇ ਵੱਡੀ ਅਣਸੁਖਾਵੀਂ ਘਟਨਾ ਦੇ ਸ਼ਾਂਤੀਪੂਰਵਕ ਸੰਪੰਨ ਹੋ ਗਿਆ।