ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ 'ਆਪਰੇਸ਼ਨ ਸਿੰਦੂਰ' ਨੇ ਇਹ ਦਿਖਾਇਆ ਹੈ ਕਿ ਅੱਤਵਾਦ ਰਾਹੀਂ ਭਾਰਤ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਕੀ ਹਾਲ ਹੋਵੇਗਾ। ਸਿੰਘ ਨੇ ਇਹ ਵੀ ਕਿਹਾ ਕਿ ਭਾਰਤ ਪਾਕਿਸਤਾਨ ਦੇ ਹਰ ਕਾਇਰਾਨਾ ਹਰਕਤ ਦਾ ਜਵਾਬ ਇਸ ਤਰੀਕੇ ਨਾਲ ਦੇਣ ਦੇ ਸਮਰੱਥ ਹੈ ਜੋ "ਉਸ ਦੀ ਕਲਪਨਾ ਤੋਂ ਵੀ ਪਰੇ" ਹੈ।
ਸਿੰਘ ਨੇ ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ 'ਤੇ ਕਾਰਗਿਲ ਯੁੱਧ ਸਮਾਰਕ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਸ ਨੇ ਅੱਤਵਾਦ ਨੂੰ "ਆਪਣੀ ਸਰਕਾਰੀ ਨੀਤੀ ਦਾ ਹਿੱਸਾ" ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਤੋਂ ਇਲਾਵਾ ਕਿਸੇ ਹੋਰ ਮੁੱਦੇ 'ਤੇ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ, ਜੋ ਕਿ "ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ, ਜਿਸ 'ਤੇ ਪਾਕਿਸਤਾਨ ਨੇ ਗੈਰ-ਕਾਨੂੰਨੀ ਤੌਰ 'ਤੇ ਕਬਜ਼ਾ ਕਰ ਰੱਖਿਆ ਹੈ।"
ਰੱਖਿਆ ਮੰਤਰੀ ਨੇ 1999 ਦੇ ਕਾਰਗਿਲ ਯੁੱਧ 'ਚ ਭਾਰਤ ਦੀ ਜਿੱਤ ਨੂੰ "ਭਾਰਤ ਮਾਤਾ ਦੇ ਮੁਕੁਟ 'ਚ ਜੜ੍ਹਿਆ ਹੀਰਾ" ਦੱਸਿਆ। ਉਨ੍ਹਾਂ ਨੇ 22 ਅਪ੍ਰੈਲ 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ 'ਚ ਮਈ 2025 'ਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਦਿੱਤਾ। ਉਨ੍ਹਾਂ ਕਿਹਾ ਕਿ 'ਆਪਰੇਸ਼ਨ ਸਿੰਦੂਰ' ਦੇ ਤਹਿਤ, ਭਾਰਤੀ ਹਥਿਆਰਬੰਦ ਬਲਾਂ ਨੇ ਅੱਤਵਾਦ ਦੇ ਮਾਸਟਰਮਾਈਂਡਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਖ਼ਤ ਝਟਕਾ ਦਿੱਤਾ। ਸਿੰਘ ਨੇ ਕਿਹਾ,"ਆਪਰੇਸ਼ਨ ਸਿੰਦੂਰ ਨੇ ਦਿਖਾਇਆ ਹੈ ਕਿ ਅੱਤਵਾਦ ਰਾਹੀਂ ਭਾਰਤ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਕੀ ਹੋਵੇਗਾ।"
ਉਨ੍ਹਾਂ ਕਿਹਾ ਕਿ ਭਾਰਤ ਅਤੇ ਉਸ ਦੀਆਂ ਹਥਿਆਰਬੰਦ ਸੈਨਾਵਾਂ ਪਾਕਿਸਤਾਨ ਦੀ ਹਰ ਕਾਇਰਾਨਾ ਹਰਕਤ ਦਾ ਅਜਿਹੇ ਤਰੀਕੇ ਨਾਲ ਦੇਣ 'ਚ ਸਮਰੱਥ ਹੈ, ਜੋ ਉਸ ਦੀ "ਕਲਪਨਾ ਤੋਂ ਵੀ ਪਰੇ" ਹੈ। ਉਨ੍ਹਾਂ ਕਿਹਾ,"ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਵਿਰੁੱਧ ਕੀਤੀ ਗਈ ਕੋਈ ਵੀ ਮੰਦਭਾਗੀ ਕਾਰਵਾਈ ਦਾ ਵੀ ਇਹੀ ਹਾਲ ਹੋਵੇਗਾ।" ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਜਹਾਜ਼ਾਂ ਨੂੰ ਡਿਜ਼ਾਈਨ ਕਰਨ 'ਚ ਰੁੱਝਿਆ ਹੋਇਆ ਹੈ, ਤਾਂ ਪਾਕਿਸਤਾਨ ਅੱਤਵਾਦ ਨੂੰ ਤਿਆਰ ਕਰਨ 'ਚ ਰੁੱਝਿਆ ਹੋਇਆ ਹੈ।
ਉਨ੍ਹਾਂ ਕਿਹਾ, "ਜਦੋਂ ਅਸੀਂ ਨਵੀਨਤਾ ਦੇ ਨਵੇਂ ਰਸਤੇ ਲੱਭ ਰਹੇ ਹਾਂ, ਤਾਂ ਪਾਕਿਸਤਾਨ ਘੁਸਪੈਠ ਦੇ ਨਵੇਂ ਤਰੀਕੇ ਲੱਭਣ 'ਚ ਰੁੱਝਿਆ ਹੋਇਆ ਹੈ।" ਕਾਰਗਿਲ ਵਿਜੇ ਦਿਵਸ ਭਾਰਤ ਦੇ 'ਆਪਰੇਸ਼ਨ ਵਿਜੇ' ਦੀ ਸਫਲਤਾ ਦੀ ਯਾਦ 'ਚ ਮਨਾਇਆ ਜਾਂਦਾ ਹੈ। ਇਹ ਪਾਕਿਸਤਾਨੀ ਘੁਸਪੈਠ ਤੋਂ ਬਾਅਦ ਕਾਰਗਿਲ ਦੀਆਂ ਰਣਨੀਤਕ ਉਚਾਈਆਂ 'ਤੇ ਮੁੜ ਕਬਜ਼ਾ ਕਰਨ ਲਈ ਸ਼ੁਰੂ ਕੀਤਾ ਗਿਆ ਫੌਜੀ ਆਪਰੇਸ਼ਨ ਸੀ ਅਤੇ ਜਿਸ ਦਾ ਸਫ਼ਲ ਸਮਾਪਨ 1999 'ਚ ਅੱਜ ਦੇ ਦਿਨ ਹੋਇਆ ਸੀ।