ਵਡੋਦਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੀ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ 'ਤੇ "ਵਿਕਾਸ ਕਾਰਜਾਂ ਦੀ ਹੌਲੀ ਰਫ਼ਤਾਰ" ਲਈ ਨਿਸ਼ਾਨਾ ਸਾਧਦੇ ਕਿਹਾ ਕਿ "ਨਾਰਾਜ਼ ਫੁੱਫੜ" ਹੁਣ ਟਰੱਕ ਡਰਾਈਵਰਾਂ 'ਤੇ ਸਮਰਪਿਤ ਮਾਲ ਢੋਆ-ਢੁਆਈ ਕੋਰੀਡੋਰ ਦੇ ਪ੍ਰਭਾਵ ਬਾਰੇ ਸਵਾਲ ਉਠਾਉਣਗੇ। ਮੋਦੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਆਯੋਜਿਤ ਇਕ ਸਮਾਗਮ ਵਿਚ ₹35,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਭਾਰਤ ਨੇ 2014 ਤੋਂ ਬਾਅਦ 50,000 ਆਧੁਨਿਕ ਰੇਲ ਕੋਚ ਬਣਾਏ। ਪਿਛਲੀ (ਕਾਂਗਰਸ) ਸਰਕਾਰ 10 ਸਾਲਾਂ ਵਿੱਚ 50,000 ਟਾਇਲਟ ਵੀ ਨਹੀਂ ਬਣਾ ਸਕੀ।"
PM ਮੋਦੀ ਨੇ ਪੱਛਮੀ ਸਮਰਪਿਤ ਮਾਲ ਢੋਆ-ਢੁਆਈ ਕੋਰੀਡੋਰ ਦੇ ਤਿੰਨ ਮੁੱਖ ਭਾਗਾਂ ਦਾ ਉਦਘਾਟਨ ਕੀਤਾ। ਇਹ ਕੋਰੀਡੋਰ ਨਵੀਂ ਮੁੰਬਈ ਦੇ ਜਵਾਹਰ ਲਾਲ ਨਹਿਰੂ ਬੰਦਰਗਾਹ ਨੂੰ ਉੱਤਰ ਪ੍ਰਦੇਸ਼ ਦੇ ਦਾਦਰੀ ਨਾਲ ਜੋੜਦਾ ਹੈ। ਇਨ੍ਹਾਂ ਭਾਗਾਂ ਦੇ ਉਦਘਾਟਨ ਨਾਲ ਇਹ ਪ੍ਰੋਜੈਕਟ ਪੂਰਾ ਹੋ ਗਿਆ। PM ਮੋਦੀ ਨੇ ਕਿਹਾ, "ਸਮਰਪਿਤ ਮਾਲ ਢੋਆ-ਢੁਆਈ ਕੋਰੀਡੋਰ ਤੇਜ਼ੀ ਨਾਲ ਵਿਕਾਸ ਕਰ ਰਹੇ ਭਾਰਤ ਦੀ ਜੀਵਨ ਰੇਖਾ ਹਨ। ਇਹ ਆਧੁਨਿਕ ਮਾਲ ਢੋਆ-ਢੁਆਈ ਨੈੱਟਵਰਕ ਭਾਰਤ ਵਿੱਚ ਤਬਦੀਲੀ ਦੀ ਗਤੀ ਨੂੰ ਤੇਜ਼ ਕਰ ਰਿਹਾ ਹੈ।" ਉਨ੍ਹਾਂ ਕਿਹਾ ਕਿ ਪਹਿਲਾਂ ਯਾਤਰੀ ਅਤੇ ਮਾਲ ਗੱਡੀਆਂ ਨੂੰ ਇੱਕੋ ਟਰੈਕ 'ਤੇ ਚਲਾਉਣਾ ਪੈਦਾ ਸੀ, ਜਿਸ ਨਾਲ ਯਾਤਰੀ ਅਤੇ ਮਾਲ ਢੋਆ-ਢੁਆਈ ਦੋਵਾਂ ਦੀ ਗਤੀ ਹੌਲੀ ਹੋ ਜਾਂਦੀ ਸੀ ਪਰ ਸਮਰਪਿਤ ਮਾਲ ਢੋਆ-ਢੁਆਈ ਵਾਲੇ ਕੋਰੀਡੋਰ ਨੇ ਇਸ ਸਥਿਤੀ ਨੂੰ ਬਦਲ ਦਿੱਤਾ ਹੈ। ਪੀਐੱਮ ਮੋਦੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਕਿਹਾ, "ਹੁਣ ਨਾਰਾਜ਼ ਫੁੱਫੜ ਰੌਲਾ ਪਾਉਣਗੇ ਕਿ ਟਰੱਕ ਵਾਲਿਆਂ ਦਾ ਕੀ ਹੋਵੇਗਾ? ਫੁੱਫੜ ਨੂੰ ਹੁਣ ਕੁਝ ਕੰਮ ਮਿਲ ਗਿਆ ਹੈ।''
ਉਨ੍ਹਾਂ ਕਿਹਾ, "ਮੈਂ 2014 ਤੋਂ ਬਾਅਦ ਤੁਹਾਡੇ ਆਸ਼ੀਰਵਾਦ ਨਾਲ ਜਦੋਂ ਦਿੱਲੀ ਆਇਆ, ਤਾਂ ਉਥੇਂ ਪਹੁੰਚਦੇ ਹੀ ਅਸੀਂ ਇਸ ਪ੍ਰੋਜੈਕਟ 'ਤੇ ਕੰਮ ਕਰਨ ਵਿਚ ਤੇਜ਼ ਲਿਆਉਣੀ ਸ਼ੁਰੂ ਕਰ ਦਿੱਤੀ। ਅੱਜ, ਸਮਰਪਿਤ ਮਾਲ ਢੋਆ-ਢੁਆਈ ਕੋਰੀਡੋਰ ਪੂਰਾ ਹੋ ਗਿਆ ਹੈ।" ਮੋਦੀ ਨੇ ਕਿਹਾ, "ਅੱਜ, ਪੂਰਬੀ ਅਤੇ ਪੱਛਮੀ ਮਾਲ ਢੋਆ-ਢੁਆਈ ਕੋਰੀਡੋਰ ਦੇਸ਼ ਦੇ ਵਪਾਰ ਅਤੇ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਬਣ ਰਹੇ ਹਨ।" ਉਨ੍ਹਾਂ ਕਿਹਾ ਕਿ 2,800 ਕਿਲੋਮੀਟਰ ਲੰਬਾ ਸਮਰਪਿਤ ਮਾਲ ਢੋਆ-ਢੁਆਈ ਵਾਲਾ ਕੋਰੀਡੋਰ ਇਸ ਗੱਲ ਦਾ ਪ੍ਰਮਾਣ ਹੈ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਦਾ ਕਾਰਜ ਸੱਭਿਆਚਾਰ ਕਿਵੇਂ ਬਦਲਿਆ ਹੈ। ਮੋਦੀ ਨੇ ਕਿਹਾ, "ਇਸ ਸਮਰਪਿਤ ਮਾਲ ਢੋਆ-ਢੁਆਈ ਕੋਰੀਡੋਰ ਦਾ ਵਿਚਾਰ 2004 ਵਿੱਚ ਆਇਆ ਸੀ। 2006 ਵਿੱਚ ਇਸ ਉਦੇਸ਼ ਲਈ ਇੱਕ ਵਿਸ਼ੇਸ਼ ਕੰਪਨੀ ਬਣਾਈ ਗਈ ਸੀ ਪਰ ਫਾਈਲਾਂ 2014 ਤੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੀਆਂ ਰਹੀਆਂ।"