ਪੰਜਾਬੀ ਸੰਗੀਤ ਜਗਤ ਵਿਚ ਜਦੋਂ ਵੀ ਬੀ. ਪ੍ਰਾਕ ਅਤੇ ਜਾਨੀ ਦੀ ਜੋੜੀ ਇਕੱਠੇ ਆਉਂਦੀ ਹੈ ਤਾਂ ਦਰਸ਼ਕਾਂ ਦੀਆਂ ਉਮੀਦਾਂ ਆਪਣੇ ਆਪ ਹੀ ਵਧ ਜਾਂਦੀਆਂ ਹਨ। ਇਕ ਵਾਰ ਫਿਰ ਇਹ ਹਿੱਟ ਜੋੜੀ ਆਪਣੇ ਨਵੇਂ ਗੀਤ ‘ਨਰਕ’ ਨਾਲ ਸਰੋਤਿਆਂ ਦੇ ਰੂ-ਬਰੂ ਹੋਈ ਹੈ। ਆਉਣ ਵਾਲੀ ਪੰਜਾਬੀ ਫ਼ਿਲਮ ‘ਇਸ਼ਕਨਾਮਾ’ ਦਾ ਪਹਿਲਾ ਗੀਤ ‘ਨਰਕ’ ਅਧਿਕਾਰਤ ਤੌਰ ’ਤੇ ਰਿਲੀਜ਼ ਹੋ ਚੁੱਕਾ ਹੈ ਅਤੇ ਰਿਲੀਜ਼ ਹੁੰਦੇ ਹੀ ਇਸ ਨੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਕਈ ਪ੍ਰਸ਼ੰਸਕ ਇਸ ਨੂੰ ਬੀ. ਪ੍ਰਾਕ ਦੇ ਸਭ ਤੋਂ ਭਾਵੁਕ ਗੀਤਾਂ ਵਿਚੋਂ ਇਕ ਦੱਸ ਰਹੇ ਹਨ।
‘ਨਰਕ’ ਨੂੰ ਬੀ. ਪ੍ਰਾਕ ਅਤੇ ਜੋਤਿਕਾ ਟਾਂਗਰੀ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਸਜਾਇਆ ਹੈ। ਦੋਵਾਂ ਦੀ ਆਵਾਜ਼ ਵਿਚ ਦਰਦ, ਮੁਹੱਬਤ ਅਤੇ ਵਿਛੋੜੇ ਦੀਆਂ ਭਾਵਨਾਵਾਂ ਨੂੰ ਬੇਹੱਦ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਹਨ, ਜਦਕਿ ਸੰਗੀਤ ਦੀ ਕਮਾਨ ਵੀ ਬੀ. ਪ੍ਰਾਕ ਨੇ ਹੀ ਸੰਭਾਲੀ ਹੈ। ਇਹ ਉਹੀ ਜੋੜੀ ਹੈ ਜਿਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਅਤੇ ਸਦਾਬਹਾਰ ਗੀਤ ਦਿੱਤੇ ਹਨ।
ਬੀ. ਪ੍ਰਾਕ ਦੀ ਗਾਇਕੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਹਰ ਸ਼ਬਦ ਨੂੰ ਅਜਿਹੇ ਅੰਦਾਜ਼ ਵਿਚ ਗਾਉਂਦੇ ਹਨ ਕਿ ਸਰੋਤਾ ਆਪਣੇ ਆਪ ਨੂੰ ਉਸ ਕਹਾਣੀ ਦਾ ਹਿੱਸਾ ਮਹਿਸੂਸ ਕਰਨ ਲੱਗਦਾ ਹੈ। ‘ਨਰਕ’ ਵਿਚ ਵੀ ਉਨ੍ਹਾਂ ਦੀ ਆਵਾਜ਼ ਦਰਸ਼ਕਾਂ ਨੂੰ ਭਾਵੁਕ ਕਰ ਦਿੰਦੀ ਹੈ। ਬੀ. ਪ੍ਰਾਕ ਦਾ ਸੰਗੀਤ ਗੀਤ ਦੇ ਹਰ ਸ਼ਬਦ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ ਅਤੇ ਇਹੀ ਕਾਰਨ ਹੈ ਕਿ ‘ਨਰਕ’ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਸੰਗੀਤ ਪ੍ਰੇਮੀਆਂ ਦੀ ਪਲੇਅਲਿਸਟ ਦਾ ਹਿੱਸਾ ਬਣਦਾ ਨਜ਼ਰ ਆ ਰਿਹਾ ਹੈ। ਸੰਗੀਤ ਪ੍ਰੇਮੀਆਂ ਲਈ ‘ਨਰਕ’ ਸਿਰਫ਼ ਇਕ ਗੀਤ ਨਹੀਂ, ਸਗੋਂ ਮੁਹੱਬਤ, ਵਿਛੋੜੇ ਅਤੇ ਇਨਸਾਨੀ ਜਜ਼ਬਾਤਾਂ ਨੂੰ ਮਹਿਸੂਸ ਕਰਨ ਦਾ ਇਕ ਖੂਬਸੂਰਤ ਅਨੁਭਵ ਹੈ।