ਚੰਡੀਗੜ੍ਹ/ਪਾਤੜਾਂ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਲਕਾ ਇੰਚਾਰਜਾਂ ਸਮੇਤ ਸਾਰੇ ਬਲਾਕ ਪ੍ਰਧਾਨਾਂ, ਵਰਕਰਾਂ ਅਤੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮਾਲੀ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ ਹੈ। ਰਾਜਾ ਵੜਿੰਗ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਹਾਲਾਤ ਇਸ ਸਮੇਂ ਬਹੁਤ ਚਿੰਤਾਜਨਕ ਹਨ। ਫਸਲਾਂ ਤਬਾਹ ਹੋ ਗਈਆਂ ਹਨ, ਲੋਕ ਬੇਘਰ ਹੋ ਗਏ ਹਨ। ਹੜ੍ਹਾਂ ਦੀ ਮਾਰ ਕਾਰਣ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਲਿਹਾਜ਼ਾ ਇਸ ਦੁੱਖ ਦੀ ਘੜੀ ਵਿਚ ਮੈਂ ਕਾਂਗਰਸ ਪਾਰਟੀ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਬਲਾਕ ਪ੍ਰਧਾਨਾਂ ਅਤੇ ਵਰਕਰ ਸਹਿਬਾਨਾਂ ਨੂੰ ਅਪੀਲ ਕਰਦਾ ਹਾਂ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਹਰ ਤਰ੍ਹਾਂ ਦੀ ਸਮੱਗਰੀ, ਅਤੇ ਮਾਲੀ ਸਹਾਇਤਾ ਕਰਨ ਲਈ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕ ਸਹਿਬਾਨਾਂ ਨੂੰ ਵੀ ਬੇਨਤੀ ਹੈ ਕਿ ਆਓ ਆਪਣੀ ਸੇਵਾ ਵੱਜੋਂ ਇਕ ਮਹੀਨੇ ਦੀ ਤਨਖਾਹ ਰਾਹਤ ਕਾਰਜਾਂ ਲਈ ਭੇਜੀਏ ਅਤੇ ਜੇਕਰ ਕੋਈ ਵੱਧ ਵੀ ਕਰ ਸਕਦਾ ਹੈ ਤਾਂ ਜ਼ਰੂਰ ਕਰੇ ਤਾਂ ਜੋ ਇਸ ਬਿਪਾ ਦੀ ਘੜੀ ਵਿਚ ਆਪਾਂ ਸਭ ਇਕੱਠੇ ਹੋ ਕੇ ਹਾਲਾਤ ਦਾ ਟਾਕਰਾ ਕਰੀਏ ਅਤੇ ਆਪਣੇ ਲੋਕਾਂ ਦੀ ਮਦਦ ਕਰੀਏ।