27 ਸਤੰਬਰ ਐਤਵਾਰ ਨੂੰ ਦੇਸ਼ ਭਰ ਦੇ ਸਾਰੇ ਬੈਂਕ ਖੁੱਲ੍ਹੇ ਰਹਿਣਗੇ। ਵਿੱਤ ਮੰਤਰਾਲੇ ਵਲੋਂ ਜਾਰੀ ਸੂਚਨਾ ਮੁਤਾਬਕ ਆਰਬੀਆਈ ਨੇ 27 ਸਤੰਬਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ ਅਤੇ ਏਟੀਐਮ ਨਾਲ ਜੁੜੀਆਂ ਸ਼ਾਖਾਵਾਂ ਸਮੇਤ ਸਾਰੀਆਂ ਸੇਵਾਵਾਂ ਦੇ ਪੂਰੇ ਸੰਚਾਲਨ ਨੂੰ ਮਨਜ਼ੂਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਯੂ) ਦੁਆਰਾ 28 ਤੋਂ 30 ਸਤੰਬਰ 2026 ਤੱਕ ਪ੍ਰਸਤਾਵਿਤ ਤਿੰਨ ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਹੜਤਾਲ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀਆਂ ਵੀਕੈਂਡ ਛੁੱਟੀਆਂ ਪੈ ਰਹੀਆਂ ਹਨ। ਲਗਾਤਾਰ ਪੰਜ ਦਿਨਾਂ ਤੱਕ ਬੈਂਕਿੰਗ ਸੇਵਾਵਾਂ ਵਿੱਚ ਵਿਘਨ ਪੈਣ ਦੇ ਅਨੁਮਾਨ ਕਾਰਨ ਸਰਕਾਰ ਨੇ ਨਾਗਰਿਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ।
ਵਿੱਤ ਮੰਤਰਾਲੇ ਦਾ ਬਿਆਨ
ਵਿੱਤ ਮੰਤਰਾਲੇ ਨੇ ਕਿਹਾ ਕਿ ਜਨਤਾ ਦੀਆਂ ਬੈਂਕਿੰਗ ਜ਼ਰੂਰਤਾਂ ਲੰਬੇ ਸਮੇਂ ਤੱਕ ਪ੍ਰਭਾਵਿਤ ਨਾ ਹੋਣ, ਇਸ ਕਰਕੇ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਪੇਂਡੂ ਬੈਂਕ ਐਤਵਾਰ, 27 ਸਤੰਬਰ, 2026 ਨੂੰ ਆਮ ਵਾਂਗ ਕੰਮ ਕਰਨਗੇ।
ਹੜਤਾਲ ਮੁਲਤਵੀ ਕਰਨ ਦੀ ਅਪੀਲ
ਸਰਕਾਰ ਅਤੇ ਬੈਂਕ ਪ੍ਰਬੰਧਨ ਨੇ ਬੈਂਕ ਯੂਨੀਅਨਾਂ ਨੂੰ ਪ੍ਰਸਤਾਵਿਤ ਹੜਤਾਲ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਇਹ ਕਦਮ ਜ਼ਰੂਰੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ ਕਾਰਨ ਚੁੱਕਿਆ ਜਾ ਰਿਹਾ ਹੈ।
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦੇਸ਼ ਦੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਨੌਂ ਪ੍ਰਮੁੱਖ ਟਰੇਡ ਯੂਨੀਅਨਾਂ ਦਾ ਇੱਕ ਸਾਂਝਾ ਪਲੇਟਫਾਰਮ ਹੈ। ਇਹ ਸੰਗਠਨ ਸਰਕਾਰ ਅਤੇ ਬੈਂਕ ਪ੍ਰਬੰਧਨ ਨਾਲ ਤਨਖਾਹ ਵਾਧੇ, ਕੰਮਕਾਜੀ ਘੰਟਿਆਂ, ਪੈਨਸ਼ਨਾਂ ਅਤੇ ਬੈਂਕ ਕਰਮਚਾਰੀਆਂ ਦੀਆਂ ਹੋਰ ਮੰਗਾਂ ਬਾਰੇ ਫੈਸਲੇ ਲੈਂਦਾ ਹੈ।