ਮੁੰਬਈ : ਬੰਬੇ ਹਾਈ ਕੋਰਟ ਨੇ ਸੈਲੀਬ੍ਰਿਟੀ ਪ੍ਰਬੰਧਕ ਰਹੀ ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਏ ਜਾਣ ਦਾ ਆਦੇਸ਼ ਦਿੱਤਾ ਹੈ। ਉਸ ਦੇ ਪਿਤਾ ਨੇ 2020 'ਚ ਹੋਈ ਉਸ ਦੀ ਮੌਤ 'ਤੇ ਸ਼ੱਕ ਜਤਾਇਆ ਸੀ। ਜੱਜ ਸਾਰੰਗ ਕੋਤਵਾਲ ਅਤੇ ਜੱਜ ਰਣਜੀਤ ਸਿੰਘ ਰਾਜਾ ਭੋਸਲੇ ਦੀ ਬੈਂਚ ਨੇ ਕਿਹਾ ਕਿ ਸੀਬੀਆਈ ਐੱਫਆਈਆਰ ਦਰਜ ਕਰੇ ਅਤੇ ਮ੍ਰਿਤਕਾ ਦੇ ਪਿਤਾ ਸਤੀਸ਼ ਸਾਲਿਆਨ ਦਾ ਬਿਆਨ ਦਰਜ ਕਰੇ। ਹਾਲਾਂਕਿ ਜਾਂਚ ਦੌਰਾਨ ਕਿਸੇ ਵਿਅਕਤੀ ਖ਼ਿਲਾਫ਼ ਪੂਰੇ ਸਬੂਤ ਮਿਲਣ ਤੱਕ ਉਸ ਨੂੰ ਦੋਸੀ ਨਹੀਂ ਮੰਨਿਆ ਜਾਵੇਗਾ।
ਅਦਾਲਤ ਨੇ ਮੁੰਬਈ ਪੁਲਸ ਨੂੰ ਆਦੇਸ਼ ਦਿੱਤਾ ਕਿ ਉਹ ਮਾਮਲੇ ਨਾਲ ਜੁੜੇ ਸਾਰੇ ਕਾਗਜ਼ਾਤ ਤੁਰੰਤ ਸੀਬੀਆਈ ਨੂੰ ਸੌਂਪ ਦੇਣ। ਬੈਂਚ ਨੇ ਕਿਹਾ,''ਜੇਕਰ ਜਾਂਚ 'ਚ ਪਤਾ ਲੱਗਦਾ ਹੈ ਕਿ ਕੋਈ ਮਾਮਲਾ ਨਹੀਂ ਬਣਦਾ ਹੈ ਤਾਂ ਸੀਬੀਆਈ ਸੰਬੰਧਤ ਕੋਰਟ ਦੇ ਸਾਹਮਣੇ ਉੱਚਿਤ ਅੰਤਿਮ ਰਿਪੋਰਟ ਦਾਖ਼ਲ ਕਰੇਗੀ।'' ਅਦਾਲਤ ਨੇ ਕਿਹਾ ਕਿ ਸਤੀਸ਼ ਸਾਲਿਆਨ ਨੂੰ ਉਸ ਰਿਪੋਰਟ ਨੂੰ ਚੁਣੌਤੀ ਦੇਣ ਦੀ ਆਜ਼ਾਦੀ ਹੋਵੇਗੀ। ਮੁੰਬਈ ਦੇ ਮਲਾਡ ਇਲਾਕੇ 'ਚ 8 ਜੂਨ 2020 ਨੂੰ ਇਕ ਰਿਹਾਇਸ਼ੀ ਇਮਾਰਤ ਦੀ 14ਵੀਂ ਮੰਜ਼ਲ ਤੋਂ ਡਿੱਗ ਕੇ ਦਿਸ਼ਾ ਸਾਲਿਆਨ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਮੁੰਬਈ ਪੁਲਸ ਨੇ ਐਕਸੀਡੈਂਟਲ ਡੈਥ ਰਿਪੋਰਟ (ਏਡੀਆਰ) ਦਰਜ ਕੀਤੀ ਸੀ। ਜਾਂਚ ਤੋਂ ਬਾਅਦ ਪੁਲਸ ਨੇ ਦਾਅਵਾ ਕੀਤਾ ਕਿ ਦਿਸ਼ਾ ਸਾਲਿਆਨ ਦੀ ਮੌਤ ਖੁਦਕੁਸ਼ੀ ਦਾ ਮਾਮਲਾ ਹੈ। ਹਾਲਾਂਕਿ ਉਨ੍ਹਾਂ ਦੇ ਪਿਤਾ ਨੇ ਪਿਛਲੇ ਸਾਲ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕਰ ਕੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਨਾਲ ਸਮੂਹਿਕ ਜਬਰ ਜ਼ਿਨਾਹ ਕਰ ਕੇ ਉਸ ਦਾ ਕਤਲ ਕੀਤਾ ਗਿਆ ਸੀ। ਸਤੀਸ਼ ਸਾਲਿਆਨ ਦੇ ਵਕੀਲ ਨੀਲੇਸ਼ ਓਝਾ ਨੇ ਇਸ ਮਾਮਲੇ 'ਚ ਪੁਲਸ ਦੀ ਜਾਂਚ 'ਤੇ ਸਵਾਲ ਚੁੱਕੇ ਹਨ। ਸਾਲਿਆਨ ਨੇ ਆਪਣੀ ਧੀ ਦੀ ਮੌਤ ਦੀ ਸੀਬੀਆਈ ਜਾਂਚ ਅਤੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਨੇਤਾ ਆਦਿਤਿਆ ਠਾਕਰੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।
ਆਪਣੀ ਪਟੀਸ਼ਨ 'ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੂਨ 2020 'ਚ ਉਨ੍ਹਾਂ ਦੀ ਧੀ ਸ਼ੱਕੀ ਹਾਲਤ 'ਚ ਮ੍ਰਿਤਕ ਮਿਲੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਜਬਰ ਜ਼ਿਨਾਹ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਸੀ ਅਤੇ ਬਾਅਦ 'ਚ ਕੁਝ ਪ੍ਰਭਾਵਸ਼ਾਲੀ ਲੋਕਾਂ ਨੂੰ ਬਚਾਉਣ ਲਈ ਰਾਜਨੀਤਕ ਰੂਪ ਨਾਲ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।