ਮੁੰਬਈ : ਅਦਾਕਾਰ ਆਮਿਰ ਖਾਨ ਨੂੰ 37ਵੇਂ ਸਿੰਗਾਪੁਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸਕ੍ਰੀਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਆਮਿਰ ਆਸਕਰ ਲਈ ਨਾਮਜ਼ਦ ਆਪਣੀ ਫਿਲਮ "ਲਗਾਨ: ਵਨਸ ਅਪੌਨ ਏ ਟਾਈਮ ਇਨ ਇੰਡੀਆ" ਦੀ 25ਵੀਂ ਵਰ੍ਹੇਗੰਢ 'ਤੇ ਆਯੋਜਿਤ ਇੱਕ ਵਿਸ਼ੇਸ਼ ਸਕ੍ਰੀਨਿੰਗ ਵਿੱਚ ਵੀ ਸ਼ਾਮਲ ਹੋਣਗੇ ਅਤੇ ਇਸ ਮੌਕੇ ਉਨ੍ਹਾਂ ਨਾਲ 'ਲਗਾਨ' ਫਿਲਮ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਵੀ ਹੋਣਗੇ।
ਉਹ ਫੈਸਟੀਵਲ ਦੀ "ਇਨ ਕਨਵਰਸੇਸ਼ਨ ਵਿਦ" ਲੜੀ ਦੇ ਬੁਲਾਰਿਆਂ ਵਿੱਚ ਵੀ ਸ਼ਾਮਲ ਹੋਣਗੇ। 21 ਅਕਤੂਬਰ ਤੋਂ 1 ਨਵੰਬਰ ਤੱਕ ਹੋਣ ਵਾਲੇ ਸਿੰਗਾਪੁਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਕਈ ਪ੍ਰਮੁੱਖ ਏਸ਼ੀਆਈ ਫਿਲਮ ਨਿਰਮਾਤਾ ਅਤੇ ਅਦਾਕਾਰ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਜਾਪਾਨੀ ਫਿਲਮ ਨਿਰਮਾਤਾ ਹੀਰੋਕਾਜ਼ੂ ਕੋਰੇ-ਏਡਾ ਅਤੇ ਹਾਂਗ ਕਾਂਗ ਦੇ ਅਦਾਕਾਰ ਐਂਥਨੀ ਵੋਂਗ ਵੀ ਸ਼ਾਮਲ ਹਨ।