ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਰਿਆਇਤੀ ਦਰ ’ਤੇ ਬਫਰ ਪਿਆਜ਼ ਦੀ ਵਿਕਰੀ ਤੇਜ਼ ਕਰ ਦਿੱਤੀ ਹੈ। ਵਿਕਰੀ ਸ਼ੁਰੂ ਹੋਣ ਦੇ ਮਹਿਜ਼ 10 ਦਿਨਾਂ ’ਚ 17 ਸ਼ਹਿਰਾਂ ’ਚ ਲੱਗਭਗ 4,000 ਟਨ ਪਿਆਜ਼ ਵੇਚਿਆ ਜਾ ਚੁੱਕਾ ਹੈ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਇਹ ਜਾਣਕਾਰੀ ਦਿੱਤੀ।
ਕੇਂਦਰ ਸਰਕਾਰ ਕੋਲ 2026 ਲਈ ਐੱਨ. ਸੀ. ਸੀ. ਐੱਫ. ਅਤੇ ਨਾਫੇਡ ਜ਼ਰੀਏ 1.21 ਲੱਖ ਟਨ ਪਿਆਜ਼ ਦਾ ਬਫਰ ਭੰਡਾਰ ਹੈ। ਦੋਵੇਂ ਏਜੰਸੀਆਂ ਉਤਪਾਦਕ ਸੂਬਿਆਂ ਤੋਂ ਪਿਆਜ਼ ਨੂੰ ਮੁੱਖ ਖਪਤ ਕੇਂਦਰਾਂ ਤੱਕ ਪਹੁੰਚਾ ਰਹੀਆਂ ਹਨ। ਇਸ ਲਈ ਸਮਰਪਿਤ ਰੇਲ ਰੈਕ ‘ਕਾਂਦਾ ਐਕਸਪ੍ਰੈੱਸ’ ਅਤੇ ਟਰੱਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਚੋਣਵੇਂ ਮੁੱਲ-ਸੰਵੇਦਨਸ਼ੀਲ ਸ਼ਹਿਰਾਂ ’ਚ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ’ਤੇ ਵੇਚਿਆ ਜਾ ਰਿਹਾ ਹੈ।
ਨਿਧੀ ਖਰੇ ਨੇ ਦੱਸਿਆ ਕਿ ‘ਕਾਂਦਾ ਐਕਸਪ੍ਰੈੱਸ’ ਜ਼ਰੀਏ ਦਿੱਲੀ ਅਤੇ ਚੇਨਈ ’ਚ ਪਿਆਜ਼ ਦੀ ਖੇਪ ਪਹੁੰਚ ਚੁੱਕੀ ਹੈ, ਜਦੋਂਕਿ ਤੀਜੀ ਖੇਪ ਗੁਹਾਟੀ ਭੇਜਣ ਲਈ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਫਰ ਪਿਆਜ਼ ਦੀ ਵੰਡ ਨਾਲ ਖਪਤਕਾਰਾਂ ਨੂੰ ਰਾਹਤ ਮਿਲੀ ਹੈ ਅਤੇ ਕੀਮਤਾਂ ’ਚ ਕੁਝ ਗਿਰਾਵਟ ਆਈ ਹੈ।
ਐੱਨ. ਸੀ. ਸੀ. ਐੱਫ. ਦੀ ਮੈਨੇਜਿੰਗ ਡਾਇਰੈਕਟਰ ਅਨੀਸ ਜੋਸਫ ਚੰਦਰਾ ਅਨੁਸਾਰ ਇਕੱਲੀ ਐੱਨ. ਸੀ. ਸੀ. ਐੱਫ. ਹੁਣ ਤੱਕ 1,500 ਟਨ ਬਫਰ ਪਿਆਜ਼ ਵੇਚ ਚੁੱਕੀ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਪਿਆਜ਼ ਦਾ ਔਸਤ ਪ੍ਰਚੂਨ ਮੁੱਲ 50.79 ਰੁਪਏ ਪ੍ਰਤੀ ਕਿਲੋ ਹੈ, ਜੋ 28 ਅਗਸਤ ਨੂੰ ਰਿਆਇਤੀ ਵਿਕਰੀ ਸ਼ੁਰੂ ਹੋਣ ਦੇ ਸਮੇਂ 48.50 ਰੁਪਏ ਸੀ।