ਢਾਕਾ : ਲਗਭਗ 150 ਭਾਰਤੀ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਬੰਗਲਾਦੇਸ਼ੀ ਜੇਲ੍ਹਾਂ 'ਚ ਬੰਦ ਹਨ ਕਿਉਂਕਿ ਪ੍ਰਕਿਰਿਆਤਮਕ ਦੇਰੀ ਉਨ੍ਹਾਂ ਦੇ ਦੇਸ਼ ਵਾਪਸੀ ਨੂੰ ਰੋਕ ਰਹੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।
ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦੇ ਹੋਏ ਇੱਕ ਜੇਲ੍ਹ ਅਧਿਕਾਰੀ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਪ੍ਰਕਾਸ਼ਿਤ ਜੇਲ੍ਹ ਦੇ ਅੰਕੜਿਆਂ ਅਨੁਸਾਰ ਬੰਗਲਾਦੇਸ਼ੀ ਜੇਲ੍ਹਾਂ 'ਚ 152 ਵਿਦੇਸ਼ੀ ਕੈਦੀ ਹਨ, ਜਿਨ੍ਹਾਂ 'ਚ 148 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਪਰ ਫਿਰ ਵੀ ਹਿਰਾਸਤ ਵਿੱਚ ਹਨ। ਅਧਿਕਾਰੀ ਨੇ ਕਿਹਾ ਕਿ ਜਦੋਂ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦੇਸ਼ੀ ਕੈਦੀਆਂ ਨੇ ਆਪਣੀ ਸਜ਼ਾ ਕਈ ਸਾਲ ਪਹਿਲਾਂ ਪੂਰੀ ਕਰ ਲਈ ਹੈ ਪਰ ਪਛਾਣ ਤਸਦੀਕ ਪ੍ਰਕਿਰਿਆਵਾਂ, ਨੌਕਰਸ਼ਾਹੀ ਰੁਕਾਵਟਾਂ ਅਤੇ ਕੂਟਨੀਤਕ ਪੱਧਰ 'ਤੇ ਕਾਰਵਾਈ ਦੀ ਘਾਟ ਕਾਰਨ ਉਨ੍ਹਾਂ ਦੀ ਰਿਹਾਈ ਅਤੇ ਦੇਸ਼ ਵਾਪਸੀ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਇਨ੍ਹਾਂ ਭਾਰਤੀਆਂ ਵਿੱਚੋਂ ਵੱਡੀ ਗਿਣਤੀ ਨੂੰ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਵਰਗੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਕ ਨਿਊਜ਼ ਪੋਰਟਲ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ 17 ਭਾਰਤੀ ਕੈਦੀ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਇਕੱਲੇ ਦੱਖਣ-ਪੱਛਮੀ ਸ਼ਰੀਅਤਪੁਰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਅਧਿਕਾਰੀਆਂ ਦੇ ਅਨੁਸਾਰ, ਉਨ੍ਹਾਂ ਦੀ ਵਾਪਸੀ ਦੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਕੈਦੀਆਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਤੇ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦਾ ਕੋਈ ਜਵਾਬ ਨਹੀਂ ਮਿਲਿਆ। ਜੇਲ੍ਹਰ ਪਾਪੀਆ ਸੁਲਤਾਨਾ ਨੇ ਦੱਸਿਆ ਕਿ 2022 ਅਤੇ 2023 ਦੌਰਾਨ ਵੱਖ-ਵੱਖ ਸਮਿਆਂ 'ਤੇ ਪਦਮਾ ਪੁਲ ਦੇ ਨੇੜੇ ਪੁਲਸ ਦੁਆਰਾ 20 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ ਤੇ ਬਾਅਦ 'ਚ ਅਦਾਲਤ ਦੇ ਹੁਕਮਾਂ 'ਤੇ ਜੇਲ੍ਹ ਭੇਜ ਦਿੱਤਾ ਗਿਆ ਸੀ।