ਭਾਰਤੀ ਸਟਾਕ ਮਾਰਕੀਟ ਵਿੱਚ ਅੱਜ ਸੁਸਤ ਸ਼ੁਰੂਆਤ ਤੋਂ ਬਾਅਦ ਭਾਰੀ ਵਿਕਰੀ ਨਾਲ ਕਲੋਜ਼ਿੰਗ ਹੁੰਦੀ ਦੇਖੀ ਜਾ ਰਹੀ ਹੈ। ਦੁਪਹਿਰ ਸਮੇਂ ਸੈਂਸੈਕਸ 912.91 ਅੰਕ ਤੱਕ ਡਿੱਗ ਗਿਆ ਅਤੇ 73,816.36 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੌਰਾਨ ਨਿਫਟੀ 50 ਵੀ 277.00 ਅੰਕ ਡਿੱਗ ਕੇ 22,869.15 'ਤੇ ਆ ਗਿਆ ਜਿਸ ਕਾਰਨ ਨਿਵੇਸ਼ਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ।
ਮੌਜੂਦਾ ਸਮੇਂ ਸੈਂਸੈਕਸ 876.37 ਅੰਕ ਭਾਵ 1.17% ਤੱਕ ਡਿੱਗ ਗਿਆ ਅਤੇ 73,852.90 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ ਸਿਰਫ਼ 5 ਸਟਾਕ ਵਾਧੇ ਨਾਲ ਅਤੇ 25 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਦੂਜੇ ਪਾਸੇ ਨਿਫਟੀ 50 ਵੀ 257.20 ਅੰਕ ਭਾਵ 1.11% ਡਿੱਗ ਕੇ 22,888.95 ਦੇ ਪੱਧਰ 'ਤੇ ਬੰਦ ਹੋਇਆ ਹੈ।
ਬਾਜ਼ਾਰ ਦੇ ਸਾਰੇ ਖੇਤਰਾਂ ਵਿਚ ਗੰਭੀਰ ਗਿਰਾਵਟ ਦੇਖੀ ਗਈ। ਨਿਫਟੀ ਆਈਟੀ ਸਟਾਕਾਂ ਵਿੱਚ ਸਭ ਤੋਂ ਵੱਡੀ ਵਿਕਰੀ ਦੇਖਣ ਨੂੰ ਮਿਲੀ ਇਹ 497.25 ਅੰਕ (-1.55%) ਡਿੱਗ ਕੇ 31,426.85 'ਤੇ ਬੰਦ ਹੋਇਆ। ਇਸ ਤੋਂ ਇਲਾਵਾ, ਨਿਫਟੀ ਮਿਡਕੈਪ 100 ਵਿੱਚ ਵੀ 743.30 ਅੰਕ (-1.25%) ਦੀ ਵੱਡੀ ਸੁਨਾਮੀ ਦੇਖਣ ਨੂੰ ਮਿਲੀ ਅਤੇ ਇਹ 58,386.45 ਦੇ ਪੱਧਰ 'ਤੇ ਆ ਗਿਆ। ਇਸ ਤੋਂ ਇਲਾਵਾ, ਨਿਫਟੀ ਬੈਂਕ 380.75 ਅੰਕ ਡਿੱਗ ਕੇ 55,463.25 'ਤੇ ਅਤੇ ਬੈਂਕੈਕਸ 319.88 ਅੰਕ ਡਿੱਗ ਕੇ 62,449.55 ਦੇ ਪੱਧਰ 'ਤੇ ਬੰਦ ਹੋਇਆ। ਵੱਡੀਆਂ ਕੰਪਨੀਆਂ ਦੇ ਸੁਸਤ ਨਤੀਜਿਆਂ ਅਤੇ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਨੇ ਅੱਜ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਕਰਵਾਇਆ।
ਬੈਂਕਿੰਗ ਸਟਾਕਾਂ ਦੇ ਨਤੀਜੇ ਅਤੇ ਵਿਸ਼ਵਵਿਆਪੀ ਸੰਕੇਤ ਬਾਜ਼ਾਰ ਵਿੱਚ ਇਸ ਵਿਕਰੀ ਦੇ ਮੁੱਖ ਕਾਰਨ ਹਨ। ਨਿੱਜੀ ਖੇਤਰ ਦੇ ਦਿੱਗਜ HDFC ਬੈਂਕ ਅਤੇ ICICI ਬੈਂਕ ਦੇ ਦੂਜੀ ਤਿਮਾਹੀ (Q2 FY27) ਦੇ ਨਤੀਜਿਆਂ ਤੋਂ ਬਾਅਦ ਬੈਂਕਿੰਗ ਸਟਾਕਾਂ ਵਿੱਚ ਵਿਕਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ $108 ਨੂੰ ਪਾਰ ਕਰਨ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕੀਤਾ ਹੈ।