ਮਿਡਲ ਈਸਟ 'ਚ ਪਿਛਲੇ 3 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲਦੀ ਆ ਰਹੀ ਭਿਆਨਕ ਜੰਗ ਦੇ ਹੁਣ ਆਖ਼ਿਰਕਾਰ ਖ਼ਤਮ ਹੋਣ ਦਾ ਸਮਾਂ ਨੇੜੇ ਆਉਂਦਾ ਦਿਖਾਈ ਦੇ ਰਿਹਾ ਹੈ। ਇਸ ਜੰਗ ਨੂੰ ਰੋਕਣ ਲਈ ਅਮਰੀਕਾ ਅਤੇ ਇਰਾਨ ਵਿਚਾਲੇ ਸ਼ਾਂਤੀ ਸਮਝੌਤਾ ਹੋ ਗਿਆ ਹੈ। ਪਾਕਿਸਤਾਨ, ਕਤਰ ਅਤੇ ਤੁਰਕੀ ਦੀ ਵਿਚੋਲਗੀ ਨਾਲ ਤਿਆਰ ਕੀਤੇ ਗਏ ਇਸ 14-ਨੁਕਾਤੀ ਸ਼ਾਂਤੀ ਸਮਝੌਤੇ ਦੇ ਖਰੜੇ ਨੂੰ ਦੋਵਾਂ ਦੇਸ਼ਾਂ ਨੇ ਪ੍ਰਵਾਨ ਕਰ ਲਿਆ ਹੈ। ਇਸ ਸਮਝੌਤੇ 'ਤੇ ਅਧਿਕਾਰਤ ਤੌਰ 'ਤੇ 19 ਜੂਨ ਨੂੰ ਸਵਿਟਜ਼ਰਲੈਂਡ 'ਚ ਦਸਤਖ਼ਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਨੇ ਇਸ ਸਮਝੌਤੇ ਦਾ ਐਲਾਨ ਕੀਤਾ ਸੀ ਤੇ ਹੁਣ ਇਰਾਨ ਦੀ ਸੁਪਰੀਮ ਸਕਿਓਰਿਟੀ ਕੌਂਸਲ ਨੇ ਵੀ ਇਸ ਸਮਝੌਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ-ਇਰਾਨ ਵਿਚਾਲੇ ਇਸ ਇਤਿਹਾਸਕ ਸਮਝੌਤੇ ਦੀਆਂ ਜਿਹੜੀਆਂ 14 ਸ਼ਰਤਾਂ ਹਨ, ਉਹ ਹਨ-
ਸਾਰੇ ਮੋਰਚਿਆਂ 'ਤੇ ਤੁਰੰਤ ਜੰਗਬੰਦੀ
ਲਿਬਨਾਨ 'ਚ ਹਿਜ਼ਬੁੱਲ੍ਹਾ-ਇਜ਼ਰਾਈਲ ਸਣੇ ਸਮੇਤ ਸਾਰੇ ਖੇਤਰੀ ਮੋਰਚਿਆਂ 'ਤੇ ਫ਼ੌਜੀ ਕਾਰਵਾਈਆਂ ਨੂੰ ਤੁਰੰਤ ਅਤੇ ਹਮੇਸ਼ਾ ਲਈ ਰੋਕਿਆ ਜਾਵੇਗਾ।
ਹੋਰਮੁਜ਼ 'ਤੇ ਖ਼ਤਮ ਹੋਵੇ ਅਮਰੀਕੀ ਨਾਕਾਬੰਦੀ
ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ 'ਤੇ ਕੀਤੀ ਗਈ ਸਮੁੰਦਰੀ ਨਾਕਾਬੰਦੀ ਨੂੰ ਅਗਲੇ 30 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਹਟਾਇਆ ਜਾਵੇਗਾ।
ਹੋਰਮੁਜ਼ ਦਾ ਖੁੱਲ੍ਹਣਾ
ਗਲੋਬਲ ਤੇਲ ਸਪਲਾਈ ਲਈ ਸਭ ਤੋਂ ਮਹੱਤਵਪੂਰਨ 'ਹੋਰਮੁਜ਼ ਦੀ ਖਾੜੀ' ਨੂੰ ਅਗਲੇ 30 ਦਿਨਾਂ 'ਚ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ 'ਟੋਲ-ਫ਼੍ਰੀ' ਖੋਲ੍ਹ ਦਿੱਤਾ ਜਾਵੇਗਾ।
ਅਮਰੀਕੀ ਫ਼ੌਜਾਂ ਦੀ ਵਾਪਸੀ
ਅਮਰੀਕਾ ਇਰਾਨ ਦੇ ਆਲੇ-ਦੁਆਲੇ ਦੇ ਖੇਤਰਾਂ ਅਤੇ ਬੇਸਾਂ ਤੋਂ ਆਪਣੀਆਂ ਫ਼ੌਜੀ ਤਾਇਨਾਤੀਆਂ ਨੂੰ ਘਟਾਵੇਗਾ।
ਸੁਰੱਖਿਆ ਦੀ ਗਾਰੰਟੀ
ਅਮਰੀਕਾ ਭਵਿੱਖ 'ਚ ਵੀ ਮਿਡਲ ਈਸਟ ਖੇਤਰ 'ਚ ਆਪਣੀ ਫ਼ੌਜੀ ਮੌਜੂਦਗੀ ਨਹੀਂ ਵਧਾਏਗਾ ਅਤੇ ਨਾ ਹੀ ਗੱਲਬਾਤ ਦੌਰਾਨ ਕੋਈ ਨਵੀਂ ਫ਼ੌਜੀ ਕਾਰਵਾਈ ਕਰੇਗਾ।
ਪ੍ਰਭੂਸੱਤਾ ਦਾ ਸਨਮਾਨ
ਅਮਰੀਕਾ ਇਰਾਨ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਨਾ ਕਰਨ ਅਤੇ ਉਸ ਦੀ ਪ੍ਰਭੂਸੱਤਾ ਦਾ ਸਨਮਾਨ ਕਰੇਗਾ।
ਪਾਬੰਦੀਆਂ ਤੋਂ ਰਾਹਤ
ਇਰਾਨ ਦੇ ਕੱਚੇ ਤੇਲ, ਪੈਟਰੋਕੈਮੀਕਲ ਉਤਪਾਦਾਂ ਅਤੇ ਊਰਜਾ ਨਿਰਯਾਤ 'ਤੇ ਲੱਗੀਆਂ ਆਰਥਿਕ ਪਾਬੰਦੀਆਂ ਨੂੰ ਅਸਥਾਈ ਰੂਪ ਵਿੱਚ ਮੁਅੱਤਲ ਕੀਤਾ ਜਾਵੇਗਾ।
ਤੇਲ ਕਮਾਈ ਤੱਕ ਸਿੱਧੀ ਪਹੁੰਚ
ਇਰਾਨ ਨੂੰ ਆਪਣੇ ਊਰਜਾ ਨਿਰਯਾਤ ਤੋਂ ਹੋਣ ਵਾਲੀ ਸਾਰੀ ਕਮਾਈ ਨੂੰ ਕੌਮਾਂਤਰੀ ਬੈਂਕਾਂ ਰਾਹੀਂ ਸਿੱਧਾ ਵਰਤਣ ਦੀ ਇਜਾਜ਼ਤ ਹੋਵੇਗੀ।
24 ਬਿਲੀਅਨ ਦੇ ਫੰਡ ਦੀ ਬਹਾਲੀ
ਅਮਰੀਕਾ ਅਤੇ ਅੰਤਰਰਾਸ਼ਟਰੀ ਬੈਂਕਾਂ 'ਚ ਫ੍ਰੀਜ਼ ਕੀਤੇ ਗਏ ਇਰਾਨ ਦੇ 24 ਬਿਲੀਅਨ ਡਾਲਰ ਦੇ ਫੰਡਾਂ ਨੂੰ ਰਿਲੀਜ਼ ਕੀਤਾ ਜਾਵੇਗਾ।
300 ਬਿਲੀਅਨ ਡਾਲਰ ਦਾ ਮੁੜ-ਨਿਰਮਾਣ ਪੈਕੇਜ
ਜੰਗ ਦੇ ਨੁਕਸਾਨ ਦੀ ਭਰਪਾਈ ਅਤੇ ਆਰਥਿਕ ਵਿਕਾਸ ਲਈ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਇਰਾਨ ਲਈ ਘੱਟੋ-ਘੱਟ 300 ਬਿਲੀਅਨ ਡਾਲਰ ਦੇ ਮੁੜ-ਨਿਰਮਾਣ ਪੈਕੇਜ ਦੀ ਯੋਜਨਾ ਪੇਸ਼ ਕਰਨਗੇ।
ਇਰਾਨ ਨਹੀਂ ਬਣਾਏਗਾ ਪਰਮਾਣੂ ਬੰਬ
ਇਰਾਨ ਪਰਮਾਣੂ ਹਥਿਆਰਾਂ ਦੀ ਨਿਊਕਲੀਅਰ ਨਾਨ-ਪ੍ਰੋਲਿਫਿਰੇਸ਼ਨ ਟ੍ਰੀਟੀ (NPT) ਤਹਿਤ ਆਪਣੀ ਵਚਨਬੱਧਤਾ ਦੁਹਰਾਏਗਾ ਕਿ ਉਹ ਕੋਈ ਪਰਮਾਣੂ ਬੰਬ ਨਹੀਂ ਬਣਾਏਗਾ।
ਯੂਰੇਨੀਅਮ ਦਾ ਨਿਪਟਾਰਾ ਕਰਨਾ
ਅੰਤਿਮ ਫ਼ੈਸਲੇ ਤੱਕ ਇਰਾਨ ਆਪਣੇ ਪਰਮਾਣੂ ਪ੍ਰੋਗਰਾਮ ਦਾ ਵਿਸਥਾਰ ਨਹੀਂ ਕਰੇਗਾ ਅਤੇ ਆਪਣੇ ਕੋਲ ਮੌਜੂਦ ਐਨਰਿਚਡ ਯੂਰੇਨੀਅਮ ਦਾ ਨਿਪਟਾਰਾ ਦੇਸ਼ ਦੇ ਅੰਦਰ ਹੀ ਕਰੇਗਾ।
60 ਦਿਨਾਂ ਦੀ ਸਮਾਂ-ਸੀਮਾ
19 ਜੂਨ ਨੂੰ ਇਸ ਸ਼ਾਂਤੀ ਸਮਝੌਤੇ 'ਤੇ ਦਸਤਖਤ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਮੁੱਦਿਆਂ ਅਤੇ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਲਈ 60 ਦਿਨਾਂ ਦੀ ਵਿਸਥਾਰਿਤ ਗੱਲਬਾਤ ਦਾ ਦੌਰ ਸ਼ੁਰੂ ਹੋਵੇਗਾ ਤੇ ਤਰਤੀਬਵਾਰ ਮੀਟਿੰਗਾਂ ਮਗਰੋਂ ਇਸ ਜੰਗ ਦਾ ਸਥਾਈ ਹੱਲ ਕੱਢਿਆ ਜਾਵੇਗਾ।
ਸੰਯੁਕਤ ਰਾਸ਼ਟਰ (UN) ਦੀ ਮਨਜ਼ੂਰੀ
ਇਸ ਸਮਝੌਤੇ ਦੀ ਸਹੀ ਤਰੀਕੇ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਇੱਕ ਸਾਂਝਾ ਨਿਗਰਾਨੀ ਸਿਸਟਮ ਬਣਾਇਆ ਜਾਵੇਗਾ ਅਤੇ ਅੰਤਿਮ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੇ ਮਤੇ ਰਾਹੀਂ ਪ੍ਰਵਾਨਗੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਜੰਗ ਦੇ ਖ਼ਤਮ ਹੋਣ ਨਾਲ ਦੁਨੀਆ ਭਰ 'ਚ ਫੈਲਿਆ ਤੇਲ-ਗੈਸ ਦਾ ਸੰਕਟ ਵੀ ਹੱਲ ਹੋ ਸਕਦਾ ਹੈ। ਜੰਗ ਕਾਰਨ ਇਰਾਨ ਤੇ ਅਮਰੀਕਾ ਨੇ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਲਾਂਘੇ ਹੋਰਮੁਜ਼ ਨੂੰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦੀ ਸਪਲਾਈ ਠੱਪ ਹੋ ਗਈ ਸੀ। ਹੁਣ ਇਸ ਲਾਂਘੇ ਦੇ ਖੁੱਲ੍ਹਣ ਦੇ ਐਲਾਨ ਮਗਰੋਂ ਤੇਲ-ਗੈਸ ਦੀ ਸਪਲਾਈ ਦੇ ਵੀ ਕੁਝ ਦਿਨਾਂ ਤੱਕ ਆਮ ਹੋਣ ਦੀ ਸੰਭਾਵਨਾ ਹੈ ਤੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਵੀ ਮੁੜ ਹਰਿਆਲੀ ਆ ਸਕਦੀ ਹੈ।