ਮੁੰਬਈ : ਗਹਿਣੇ ਬਣਾਉਣ ਵਾਲੇ ਬ੍ਰਾਂਡ ਜੀਵਾ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਰੱਖੜੀ ਲਈ ਅਦਾਕਾਰਾ ਕ੍ਰਿਤੀ ਸੈਨਨ ਨੂੰ ਲੈ ਕੇ ਬਣਾਈ ਗਈ ਆਪਣੀ Ad ਨੂੰ ਹਟਾ ਦਿੱਤਾ ਹੈ। ਐਡ ਵਿੱਚ ਅਦਾਕਾਰਾ ਦੁਆਰਾ ਪਹਿਨੇ ਗਏ ਕੱਪੜਿਆਂ 'ਤੇ ਸੋਸ਼ਲ ਮੀਡੀਆ 'ਤੇ ਇਤਰਾਜ਼ ਜਤਾਇਆ ਗਿਆ ਸੀ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਰੀ ਇੱਕ ਬਿਆਨ ਵਿੱਚ, ਬ੍ਰਾਂਡ ਨੇ ਕਿਹਾ ਕਿ ਉਸ ਦਾ ਉਦੇਸ਼, "ਸਮਾਜ ਦੇ ਕਿਸੇ ਵੀ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ" ਅਤੇ ਇਸ ਲਈ, ਉਸਨੇ ਐਡ ਵਾਪਸ ਲੈ ਲਈ ਹੈ।
ਜੀਵਾ ਨੇ ਕਿਹਾ, "ਅਸੀਂ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਤਿਉਹਾਰਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਇੱਕ ਬ੍ਰਾਂਡ ਦੇ ਤੌਰ 'ਤੇ, ਅਸੀਂ ਹਮੇਸ਼ਾ ਪੂਰੇ ਪਰਿਵਾਰ ਨਾਲ ਇਨ੍ਹਾਂ ਖੁਸ਼ੀ ਦੇ ਮੌਕਿਆਂ ਨੂੰ ਮਨਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ। ਇਸ ਵਾਰ ਅਸੀਂ ਇਸ ਪਿਆਰ ਅਤੇ ਜਸ਼ਨ ਵਿੱਚ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਸੀ। ਜੇਕਰ ਸਾਡੀ ਹਾਲੀਆ ਐਡ ਨੇ ਅਣਜਾਣੇ ਵਿੱਚ ਸਮਾਜ ਦੇ ਕਿਸੇ ਵੀ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਇਹ ਸਾਡਾ ਇਰਾਦਾ ਕਦੇ ਨਹੀਂ ਸੀ। ਸਤਿਕਾਰ ਵਜੋਂ, ਅਸੀਂ ਉਸ ਨੂੰ ਹਰ ਪਾਸਿਓਂ ਹਟਾ ਦਿੱਤਾ ਹੈ। ਇਸ ਤਿਉਹਾਰੀ ਸੀਜ਼ਨ ਵਿੱਚ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਪਿਆਰ ਅਤੇ ਸਕਾਰਾਤਮਕਤਾ ਬਣੀ ਰਹੈ।"
ਐਡ ਵਿੱਚ, ਅਦਾਕਾਰਾ ਕ੍ਰਿਤੀ ਸੈਨਨ ਇੰਡੋ-ਵੈਸਟਰਨ ਕੱਪੜਿਆਂ ਵਿੱਚ ਦਿਖਾਈ ਦਿੱਤੀ ਸੀ। ਉਸਨੇ ਬ੍ਰਾਲੇਟ ਅਤੇ ਸਕਰਟ ਦੇ ਨਾਲ ਇੱਕ ਕੇਪ ਪਹਿਨ ਰੱਖਿਆ ਸੀ ਅਤੇ ਆਪਣੇ ਭਰਾ ਅਤੇ ਪਾਲਤੂ ਕੁੱਤੇ ਨੂੰ ਰੱਖੜੀ ਬੰਨ੍ਹਦੀ ਦਿਖਾਈ ਦਿੱਤੀ ਸੀ। ਇਸ ਐਡ ਨੇ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਕਰ ਦਿੱਤਾ। ਕਈਆਂ ਨੇ ਰਵਾਇਤੀ ਤਿਉਹਾਰ ਦੌਰਾਨ ਅਦਾਕਾਰਾ ਦੇ ਕੱਪੜਿਆਂ ਦੀ ਆਲੋਚਨਾ ਕੀਤੀ, ਜਦੋਂ ਕਿ ਕੁਝ ਨੇ ਕੁੱਤੇ ਨੂੰ ਰੱਖੜੀ ਬੰਨ੍ਹਣ 'ਤੇ ਵੀ ਇਤਰਾਜ਼ ਕੀਤਾ।