ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਨਗਰ ਕੌਂਸਲ ਜ਼ੀਰਕਪੁਰ ਵਿਖੇ ਸ਼ਹਿਰਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਲਈ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਂਦੇ ਹੋਏ ਜ਼ੀਰਕਪੁਰ ਦੇ ਵਾਰਡ ਨੰਬਰ 27 ਐ ਕੇ ਐਸ 1,2,3 ਵਿੱਚ ਕੁੱਲ 1 ਕਰੋੜ 92 ਲੱਖ 47 ਹਜ਼ਾਰ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਕਾਰਜਾਂ ਦਾ ਮੁੱਖ ਉਦੇਸ਼ ਇਲਾਕੇ ਵਿੱਚ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਗਲੀਆਂ/ਸੜ੍ਹਕਾਂ ਦੀ ਹਾਲਤ ਵਿੱਚ ਸੁਧਾਰ ਲਿਆਉਣਾ ਹੈ।
ਵਿਧਾਇਕ ਰੰਧਾਵਾ ਵੱਲੋਂ ਇਨ੍ਹਾਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਸਮੇਂ ਦੱਸਿਆ ਗਿਆ ਕਿ ਮਨਜ਼ੂਰ ਕੀਤੇ ਗਏ ਕਾਰਜਾਂ ਵਿੱਚ ਵਾਰਡ ਨੰ. 27 ਐ ਕੇ ਐਸ 1,2,3 ਵਿੱਚ ਸਟਾਰਮ ਸੀਵਰ ਲਾਈਨਾਂ ਦੀ ਪਾਈਪ ਲਾਈਨ ਵਿਛਾਉਣ, ਗਲੀਆਂ ਦੀ ਉਸਾਰੀ ਅਤੇ ਮੁਰੰਮਤ, ਪਾਰਕ ਟਿਊਬਵੈੱਲ, ਇੰਟਰਲਾਕ ਟਾਇਲਾਂ ਦਾ ਕੰਮ ਸ਼ਾਮਿਲ ਹੈ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਖੇਤਰਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕਾਰਜ ਜਲਦ ਸ਼ੁਰੂ ਕਰਕੇ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬੱਸੀ ਦੇ ਵਿਕਾਸ ਜੰਗੀ ਪੱਧਰ ਉੱਤੇ ਕਰਦਿਆਂ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜ਼ੀਰਕਪੁਰ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਫ਼ -ਸੁਥਰਾ ਤੇ ਸੋਹਣਾ ਬਣਾਇਆ ਜਾਵੇਗਾ।
ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਸਕੀਮਾਂ ਦਾ ਇਕ-ਇਕ ਪੈਸਾ ਇਮਾਨਦਾਰੀ ਨਾਲ ਲੋਕਾਂ ਉੱਤੇ ਅਤੇ ਸੂਬੇ ਦੇ ਵਿਕਾਸ ਲਈ ਖ਼ਰਚ ਕੀਤਾ ਜਾਵੇ। ਵਿਕਾਸ ਕਾਰਜਾਂ ਸਬੰਧੀ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।