ਪ੍ਰੀਤ ਪੱਤੀ
ਖਰੜ: ਸੂਬੇ ਭਰ ਵਿੱਚ ਕਰਵਾਈ ਜਾ ਰਹੀ ਮਾਪਿਆਂ ਦੀ ਵਰਕਸ਼ਾਪ–2 ਦੇ ਤਹਿਤ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਸਟਾਫ ਨਾਲ ਸੰਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਅਤੇ ਸਮੁੱਚੇ ਵਿਕਾਸ ਵਿੱਚ ਮਾਪਿਆਂ ਦੀ ਭੂਮਿਕਾ ਬੇਹੱਦ ਅਹਿਮ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਘਰ ਦਾ ਸਕਾਰਾਤਮਕ ਮਾਹੌਲ ਬੱਚਿਆਂ ਦੀ ਤਰੱਕੀ ਲਈ ਮਜ਼ਬੂਤ ਨੀਂਹ ਦਾ ਕੰਮ ਕਰਦਾ ਹੈ ਅਤੇ ਇਹ ਵਰਕਸ਼ਾਪ ਵੀ ਇਸੇ ਮਕਸਦ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਸਕੂਲ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਨਿਰਮਾਣ ਅਧੀਨ ਸਕੂਲ ਆਫ ਐਮੀਨੈਂਸ ਦੀ ਨਵੀਂ ਇਮਾਰਤ ਦਾ ਦੌਰਾ ਕਰਦੇ ਹੋਏ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਸੰਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੰਮ ਨੂੰ ਤੇਜ਼ੀ ਨਾਲ ਅਤੇ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ, ਜਸਪ੍ਰੀਤ ਕੌਰ, ਕਮਲਜੀਤ ਕੌਰ, ਚੇਅਰਪਰਸਨ ਨਿਤਾਸ਼ਾ ਜੋਸ਼ੀ, ਸਮੂਹ ਸਕੂਲ ਸਟਾਫ, ਹਰਪ੍ਰੀਤ ਕੌਰ (ਮਹਿਲ ਵਿੰਗ, ਹਲਕਾ ਪ੍ਰਧਾਨ), ਵਿਕਾਸ ਮੋਹਨ (ਪੀ.ਏ.) ਅਤੇ ਬਲਜੀਤ ਸਿੰਘ (ਮੀਡੀਆ ਇੰਚਾਰਜ) ਵੀ ਮੌਜੂਦ ਸਨ।