ਦੇਸ਼ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਅਗਸਤ ’ਚ ਸਾਲਾਨਾ ਆਧਾਰ ’ਤੇ 17.51 ਫੀਸਦੀ ਵਧ ਕੇ 24,23,201 ਇਕਾਈ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ। ਫੈੱਡਰੇਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਨੇ ਦੱਸਿਆ ਕਿ ਮਾਨਸੂਨ ਦੀ ਮੌਸਮੀ ਸੁਸਤੀ ਅਤੇ ਤਿਉਹਾਰਾਂ ਦੇ ਦੇਰ ਨਾਲ ਸ਼ੁਰੂ ਹੋਣ ਦੇ ਬਾਵਜੂਦ ਜੀ. ਐੱਸ. ਟੀ. ਦਰਾਂ ’ਚ ਕਟੌਤੀ ਨਾਲ ਬਣੀ ਮੰਗ ਨੇ ਵਿਕਰੀ ਨੂੰ ਮਜ਼ਬੂਤੀ ਦਿੱਤੀ।
ਅਗਸਤ 2025 ’ਚ ਕੁੱਲ ਵਾਹਨ ਪ੍ਰਚੂਨ ਵਿਕਰੀ 20,62,038 ਇਕਾਈ ਰਹੀ ਸੀ। ਯਾਤਰੀ ਵਾਹਨਾਂ ਦੀ ਵਿਕਰੀ 16.14 ਫੀਸਦੀ ਵਧ ਕੇ 4,02,398 ਇਕਾਈ ਹੋ ਗਈ। ਉੱਥੇ ਹੀ ਦੋ-ਪਹੀਆ ਵਾਹਨਾਂ ਦੀ ਵਿਕਰੀ 19.69 ਫੀਸਦੀ ਵਧ ਕੇ 17,14,610 ਇਕਾਈ ਰਹੀ। ਤਿੰਨ-ਪਹੀਆ ਵਾਹਨਾਂ ਦੀ ਵਿਕਰੀ 8.64 ਫੀਸਦੀ ਵਧ ਕੇ 1,22,281 ਇਕਾਈ ਅਤੇ ਵਪਾਰਕ ਵਾਹਨਾਂ ਦੀ ਵਿਕਰੀ 14.45 ਫੀਸਦੀ ਵਧ ਕੇ 90,769 ਇਕਾਈ ਰਹੀ।
ਫਾਡਾ ਦੇ ਪ੍ਰਧਾਨ ਸਾਈਂ ਗਿਰੀਧਰ ਨੇ ਕਿਹਾ ਕਿ ਅਗਸਤ ਹੁਣ ਤੱਕ ਦਾ ਸਭ ਤੋਂ ਵੱਧ ਵਿਕਰੀ ਵਾਲਾ ਅਗਸਤ ਰਿਹਾ। ਉਨ੍ਹਾਂ ਦੱਸਿਆ ਕਿ ਯਾਤਰੀ ਵਾਹਨ ਬਾਜ਼ਾਰ ’ਚ ਪਹਿਲੀ ਵਾਰ ਸੀ. ਐੱਨ. ਜੀ., ਹਾਈਬ੍ਰਿਡ ਅਤੇ ਇਲੈਕਟ੍ਰਿਕ ਸਮੇਤ ਬਦਲਵੇਂ ਈਂਧਨ ਵਾਹਨਾਂ ਦੀ ਹਿੱਸੇਦਾਰੀ 41.95 ਫੀਸਦੀ ਰਹੀ, ਜੋ ਪੈਟਰੋਲ ਵਾਹਨਾਂ ਦੀ 40.85 ਫੀਸਦੀ ਹਿੱਸੇਦਾਰੀ ਤੋਂ ਜ਼ਿਆਦਾ ਹੈ।
ਪੇਂਡੂ ਖੇਤਰਾਂ ’ਚ ਯਾਤਰੀ ਵਾਹਨਾਂ ਦੀ ਵਿਕਰੀ 24.99 ਫੀਸਦੀ ਵਧੀ, ਜਦਕਿ ਸ਼ਹਿਰੀ ਖੇਤਰਾਂ ’ਚ 10.93 ਫੀਸਦੀ ਵਾਧਾ ਰਿਹਾ। ਸਤੰਬਰ ਲਈ 67.09 ਫੀਸਦੀ ਡੀਲਰਾਂ ਨੂੰ ਵਿਕਰੀ ਵਧਣ ਦੀ ਉਮੀਦ ਹੈ।