ਪੰਜਾਬ ਦੀ ਮਾਨਸਾ ਜੇਲ੍ਹ ਵਿੱਚ ਦੁਰਵਿਵਹਾਰ ਦੇ ਕੇਸ ਵਿੱਚ ਬੰਦ ਪਾਸਟਰ ਬਜਿੰਦਰ ਸਿੰਘ ਨੂੰ ਰਾਜਸਥਾਨ ਦੀ ਭਰਤਪੁਰ ਪੁਲਸ ਨੇ ਧਰਮ ਪਰਿਵਰਤਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਉਸਨੂੰ ਸ਼ੁੱਕਰਵਾਰ ਸ਼ਾਮ ਪ੍ਰੋਡਕਸ਼ਨ ਵਾਰੰਟ ’ਤੇ ਭਰਤਪੁਰ ਲੈ ਗਈ ਸੀ ਤੇ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸਨੂੰ 15 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਣ ਦੇ ਹੁਕਮ ਦਿੱਤੇ।
ਇਹ ਮਾਮਲਾ 12 ਫ਼ਰਵਰੀ 2024 ਨੂੰ ਭਰਤਪੁਰ ਦੇ ਸੋਨਾਰ ਹਵੇਲੀ ਵਿੱਚ ਸਾਹਮਣੇ ਆਇਆ ਸੀ। 30 ਫ਼ਰਵਰੀ ਨੂੰ ਅਟਲ ਬੰਦ ਥਾਣੇ ਵਿੱਚ ਐਫ਼ਆਈਆਰ ਦਰਜ ਹੋਈ, ਜਿਸ ਵਿੱਚ ਪਾਦਰੀ ਦੀ ਭੂਮਿਕਾ ਸਾਹਮਣੇ ਆਈ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਬਜਿੰਦਰ ਸਿੰਘ ਗਰੀਬ ਲੋਕਾਂ ਨੂੰ ਪੈਸੇ ਦੇ ਕੇ ਧਰਮ ਪਰਿਵਰਤਨ ਕਰਾਉਂਦਾ ਸੀ। ਇਹ ਵੀ ਖੁਲਾਸਾ ਹੋਇਆ ਕਿ ਉਸਦੇ ਖਾਤਿਆਂ ਵਿੱਚ ਵਿਦੇਸ਼ ਤੋਂ ਧਰਮ ਪਰਿਵਰਤਨ ਦੇ ਨਾਮ ’ਤੇ ਫੰਡਿੰਗ ਆਉਂਦੀ ਸੀ। ਹਾਲਾਂਕਿ ਇਸ ਬਾਰੇ ਪੁਲਸ ਨੇ ਅਧਿਕਾਰਕ ਜਾਣਕਾਰੀ ਜਾਰੀ ਨਹੀਂ ਕੀਤੀ।