ਪੂਰੀ ਧਰਤੀ ਇਸ ਸਮੇਂ ਜਦੋਂ ਭਿਆਨਕ ਗਰਮੀ ਨਾਲ ਜੂਝ ਰਹੀ ਹੈ ਤਾਂ ਯੂਰਪੀ ਦੇਸ਼ਾਂ 'ਚ ਇਸ ਸਾਲ ਹੀਟਵੇਵ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਰਿਪੋਰਟਾਂ ਮੁਤਾਬਕ ਯੂਰਪ ਦੇ 23 ਦੇਸ਼ਾਂ 'ਚ ਰਿਕਾਰਡਤੋੜ ਗਰਮੀ ਦਰਜ ਕੀਤੀ ਗਈ ਹੈ, ਜਿਸ ਕਾਰਨ ਯੂਰਪੀ ਦੀ ਆਰਥਿਕਤਾ ਨੂੰ 11 ਲੱਖ ਕਰੋੜ ਰੁਪਏ ਦਾ ਵੱਡਾ ਝਟਕਾ ਲੱਗ ਸਕਦਾ ਹੈ। ਇਹ ਵੀ ਅਨੁਮਾਨ ਹੈ ਕਿ ਸਾਲ 2030 ਤੱਕ ਇਹ ਨੁਕਸਾਨ ਵਧ ਕੇ 61 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।
ਇਸ ਸਾਲ ਗਰਮੀਆਂ 'ਚ ਯੂਰਪ ਦੇ ਕਈ ਦੇਸ਼ਾਂ 'ਚ ਤਾਪਮਾਨ 40 ਡਿਗਰੀ ਦੇ ਪਾਰ ਪਹੁੰਚ ਗਿਆ ਹੈ, ਜਦਕਿ ਸਪੇਨ 'ਚ ਪਾਰਾ 45 ਡਿਗਰੀ ਨੂੰ ਪਾਰ ਕਰ ਚੁੱਕਾ ਹੈ। ਫਰਾਂਸ, ਜਰਮਨੀ, ਇਟਲੀ, ਸਵਿਟਜ਼ਰਲੈਂਡ ਅਤੇ ਬ੍ਰਿਟੇਨ ਵਿੱਚ ਵੀ ਰਿਕਾਰਡਤੋੜ ਗਰਮੀ ਦਰਜ ਕੀਤੀ ਗਈ ਹੈ। ਇਸ ਭਿਆਨਕ ਗਰਮੀ ਕਾਰਨ ਯੂਰਪ 'ਚ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਯੂਰਪੀਅਨ ਵਾਤਾਵਰਣ ਏਜੰਸੀ ਦਾ ਅਨੁਮਾਨ ਹੈ ਕਿ ਅਗਲੇ ਸਾਲ ਤੱਕ ਯੂਰਪ ਦੀ ਕਰੀਬ 34 ਫ਼ੀਸਦੀ ਆਬਾਦੀ ਨੂੰ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਖਣੀ ਯੂਰਪ ਵਿੱਚ ਇਹ ਸੰਕਟ ਹੋਰ ਵੀ ਡੂੰਘਾ ਹੋਣ ਦਾ ਖ਼ਦਸ਼ਾ ਹੈ। ਗਰਮੀ ਤੋਂ ਬਚਣ ਲਈ ਬ੍ਰਿਟੇਨ ਵਿੱਚ ਏ.ਸੀ. ਦੀ ਵਿਕਰੀ 'ਚ 330 ਫ਼ੀਸਦੀ ਅਤੇ ਫਰਾਂਸ 'ਚ 1000 ਫ਼ੀਸਦੀ ਤੱਕ ਦਾ ਰਿਕਾਰਡ ਉਛਾਲ ਦੇਖਿਆ ਗਿਆ ਹੈ। ਯੂਰਪ, ਜਿੱਥੇ ਸਾਲ ਦੇ ਜ਼ਿਆਦਾਤਰ ਸਮੇਂ ਮੌਸਮ ਠੰਡਾ ਰਹਿੰਦਾ ਹੈ, 'ਚ ਸਿਰਫ 20 ਫ਼ੀਸਦੀ ਘਰਾਂ 'ਚ ਹੀ ਏ.ਸੀ. ਹਨ। ਉੱਥੇ ਦੇ ਘਰ ਵੀ ਸਰਦੀਆਂ ਦੇ ਮੌਸਮ ਦੇ ਅਨੁਕੂਲ ਬਣਾਏ ਗਏ ਹਨ, ਜਿਸ ਕਾਰਨ ਗਰਮੀ ਦਾ ਸੰਕਟ ਉੱਥੇ ਜ਼ਿਆਦਾ ਗੰਭੀਰ ਹੈ
ਰਿਪਰੋਟਾਂ ਮੁਤਾਬਕ, ਇਸ ਕੁਦਰਤੀ ਮਾਰ ਦੇ ਪਿੱਛੇ 'ਓਮੇਗਾ ਬਲਾਕ' ਨਾਂ ਦਾ ਇੱਕ ਖ਼ਾਸ ਮੌਸਮੀ ਪੈਟਰਨ ਹੈ। ਇਸ 'ਚ ਇੱਕ ਹਾਈ-ਪ੍ਰੈਸ਼ਰ ਸਿਸਟਮ ਦੋ ਲੋ-ਪ੍ਰੈਸ਼ਰ ਸਿਸਟਮਾਂ ਦੇ ਵਿਚਕਾਰ ਫਸ ਜਾਂਦਾ ਹੈ, ਜੋ ਗਰਮ ਹਵਾ ਨੂੰ ਇੱਕੋ ਜਗ੍ਹਾ ਰੋਕ ਦਿੰਦਾ ਹੈ। ਇਸ ਕਾਰਨ ਬੱਦਲ ਘੱਟ ਬਣਦੇ ਹਨ, ਬਾਰਿਸ਼ ਰੁਕ ਜਾਂਦੀ ਹੈ ਅਤੇ ਲਗਾਤਾਰ ਗਰਮੀ ਪੈਂਦੀ ਹੈ। ਗਲੋਬਲ ਵਾਰਮਿੰਗ ਦੇ ਕਾਰਨ ਇਹ ਪੈਟਰਨ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਘਾਤਕ ਅਤੇ ਜਾਨਲੇਵਾ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ 'ਚ 45 ਡਿਗਰੀ ਤਾਪਮਾਨ ਸੁੱਕੀ ਗਰਮੀ 'ਚ ਹੁੰਦਾ ਹੈ, ਜਿਸ ਕਾਰਨ ਪਸੀਨਾ ਜਲਦੀ ਸੁੱਕ ਕੇ ਸਰੀਰ ਨੂੰ ਠੰਢਾ ਕਰਦਾ ਹੈ। ਪਰ ਯੂਰਪ ਵਿੱਚ 35 ਡਿਗਰੀ ਤਾਪਮਾਨ ਵੀ ਭਾਰੀ ਹੁੰਮਸ ਨਾਲ ਆਉਂਦਾ ਹੈ। ਇਸ ਕਾਰਨ ਪਸੀਨਾ ਸੁੱਕ ਨਹੀਂ ਪਾਉਂਦਾ ਅਤੇ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਇਸ ਸਥਿਤੀ ਨੂੰ 'ਵੈੱਟ-ਬਲਬ' ਖ਼ਤਰਾ ਕਿਹਾ ਜਾਂਦਾ ਹੈ, ਜੋ ਕਿਸੇ ਵੀ ਸਿਹਤਮੰਦ ਵਿਅਕਤੀ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ ਅਤੇ ਇਸ ਨਾਲ ਕਿਡਨੀ ਤੇ ਲਿਵਰ ਫੇਲ੍ਹ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ।