ਮੋਹਾਲੀ : ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-87 ’ਚ ਜਾਇਦਾਦ ਨੂੰ ਲੈ ਕੇ ਚੱਲ ਰਹੀ ਰੰਜਿਸ਼ ਨੇ ਖ਼ੂਨੀ ਰੂਪ ਧਾਰ ਲਿਆ। ਇੱਥੇ ਪ੍ਰਾਪਰਟੀ ਡੀਲਰ ਨੂੰ ਉਸਦੇ ਹੀ ਦਫ਼ਤਰ ’ਚ ਚਾਕੂ ਅਤੇ ਰਾਡ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੈਕਟਰ-66ਬੀ ਵਾਸੀ ਅਮਨਦੀਪ ਸਿੰਘ ਵਜੋਂ ਹੋਈ ਹੈ। ਪੁਲਸ ਜਾਂਚ ਮੁਤਾਬਕ ਵਾਰਦਾਤ ਨੂੰ ਅਮਨਦੀਪ ਸਿੰਘ ਦੇ ਸਾਲੇ ਪਰਦੀਪ ਸਿੰਘ ਵਾਸੀ ਨਾਨੂ ਮਾਜਰਾ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਦੀਪ ਨੂੰ ਇਸ ਗੱਲ ਦੀ ਰੰਜਿਸ਼ ਸੀ ਕਿ ਉਸਦੀ ਮਾਂ ਦੀ ਜਾਇਦਾਦ ਉਸਦੇ ਨਾਂ ਨਹੀਂ ਹੋ ਰਹੀ ਸੀ ਤੇ ਇਸ ਮਾਮਲੇ ’ਚ ਅਮਨਦੀਪ ਸਿੰਘ ਉਸਦੇ ਰਾਹ ’ਚ ਰੁਕਾਵਟ ਬਣ ਰਿਹਾ ਸੀ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਵੱਲੋਂ ਥਾਣਾ ਸੋਹਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਹ ਆਪਣੇ ਪਤੀ ਅਮਨਦੀਪ ਸਿੰਘ ਤੇ ਦੋ ਬੱਚਿਆਂ ਨਾਲ ਸੈਕਟਰ-66ਬੀ ’ਚ ਰਹਿੰਦੀ ਹੈ। ਸਾਲ 2019 ’ਚ ਉਸਦਾ ਵਿਆਹ ਅਮਨਦੀਪ ਨਾਲ ਹੋਇਆ ਸੀ। ਦੋਵਾਂ ਦਾ ਇਹ ਦੂਜਾ ਵਿਆਹ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਰਮਨਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਮੀਨ-ਜਾਇਦਾਦ ਉਸਦੀ ਮਾਤਾ ਸਵਰਨਜੀਤ ਕੌਰ ਦੇ ਨਾਂ ਹੋ ਗਈ ਸੀ। ਉਸਦੀ ਮਾਤਾ ਨੇ ਉਸ ਨੂੰ ਆਪਣੀ ਜਾਇਦਾਦ ਦੀ ਵਾਰਸ ਬਣਾਇਆ ਹੋਇਆ ਸੀ। ਸ਼ਿਕਾਇਤ ਮੁਤਾਬਕ ਉਸਦਾ ਭਰਾ ਪਰਦੀਪ ਸਿੰਘ ਮਾੜੀ ਸੰਗਤ ’ਚ ਪੈ ਗਿਆ ਸੀ, ਜਿਸ ਕਾਰਨ ਉਸਦੀ ਮਾਤਾ ਨੇ ਉਸ ਨੂੰ ਜਾਇਦਾਦ ਦਾ ਵਾਰਸ ਨਹੀਂ ਬਣਾਇਆ। ਸੈਕਟਰ-87 ’ਚ ਸਵਰਨਜੀਤ ਕੌਰ ਦੇ ਨਾਂ ਕਰੀਬ ਦੋ ਕਨਾਲ ਜ਼ਮੀਨ ਹੈ। ਇਸੇ ਜ਼ਮੀਨ ’ਚ ਅਮਨਦੀਪ ਸਿੰਘ ਨੇ ਪ੍ਰਾਪਰਟੀ ਡੀਲਰ ਦਾ ਦਫ਼ਤਰ ਅਤੇ ਫਾਰਮ ਹਾਊਸ ਬਣਾਇਆ ਹੋਇਆ ਸੀ, ਜਿਸ ਦਾ ਨਾਮ 'ਓਲਡ ਫਾਰਮ ਹਾਊਸ' ਰੱਖਿਆ ਗਿਆ ਸੀ। ਇੱਥੇ ਹੀ ਅਮਨਦੀਪ ਸਿੰਘ ਪ੍ਰਾਪਰਟੀ ਦੀ ਖਰੀਦੋ-ਫਰੋਖ਼ਤ ਸਬੰਧੀ ਮੀਟਿੰਗਾਂ ਕਰਦਾ ਸੀ।