ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਦੇਸ਼ ਭਰ ਵਿੱਚ ਸੋਸ਼ਲ ਮੀਡੀਆ 'ਤੇ ਤਿੱਖੇ ਵਿਰੋਧ ਤੋਂ ਲਗਭਗ ਛੇ ਸਾਲ ਬਾਅਦ ਅਦਾਕਾਰਾ-ਰਾਜਨੇਤਾ ਕੰਗਨਾ ਰਣੌਤ ਨੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨਾਲ ਆਪਣੇ ਸਬੰਧਾਂ ਬਾਰੇ ਗੱਲ ਸਾਫ਼ ਕਰ ਦਿੱਤੀ ਹੈ। ਕੰਗਨਾ ਰਣੌਤ ਨੇ ਗਾਇਕ ਤੇ ਦਿਲਜੀਤ ਦੋਸਾਂਝ ਨਾਲ ਆਪਣੇ ਰਿਸ਼ਤਿਆਂ ਬਾਰੇ ਚੁੱਪੀ ਤੋੜਦਿਆਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵਿਚਕਾਰ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਲਗਭਗ ਛੇ ਸਾਲ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਹੋਈ ਸੋਸ਼ਲ ਮੀਡੀਆ ਜੰਗ ਤੋਂ ਬਾਅਦ ਕੰਗਨਾ ਨੇ ਹੁਣ ਸਾਫ਼ ਕੀਤਾ ਹੈ ਕਿ ਉਨ੍ਹਾਂ ਦੇ ਵਿਚਾਰਾਂ ਵਿੱਚ ਮੱਤਭੇਦ ਜ਼ਰੂਰ ਸੀ ਪਰ ਉਹ ਇੱਕ-ਦੂਜੇ ਦੇ ਖਿਲਾਫ ਨਹੀਂ ਹਨ।
ਜ਼ਿਕਰਯੋਗ ਹੈ ਕਿ ਆਪਣੀ ਨਵੀਂ ਫਿਲਮ 'ਭਾਰਤ ਭਾਗਿਆ ਵਿਧਾਤਾ' ਦੇ ਪ੍ਰਚਾਰ ਦੌਰਾਨ ਕੰਗਨਾ ਨੇ ਕਿਹਾ, "ਮੇਰੇ ਮਨ ਵਿੱਚ ਉਸ ਵਿਅਕਤੀ (ਦਿਲਜੀਤ) ਲਈ ਕੁਝ ਵੀ ਗਲਤ ਨਹੀਂ ਹੈ। ਅਸੀਂ ਜ਼ਿੰਦਗੀ ਵਿੱਚ ਕਦੇ ਮਿਲੇ ਵੀ ਨਹੀਂ ਹਾਂ"। ਉਸਨੇ ਅੱਗੇ ਦੱਸਿਆ ਕਿ 2020 ਵਿੱਚ ਹੋਇਆ ਟਕਰਾਅ ਸਿਰਫ ਇੱਕ ਖਾਸ ਘਟਨਾ ਬਾਰੇ ਵਿਰੋਧੀ ਵਿਚਾਰਾਂ ਕਰਕੇ ਸੀ। ਜਦੋਂ ਉਸਨੂੰ ਭਵਿੱਖ ਵਿੱਚ ਦਿਲਜੀਤ ਨਾਲ ਮੁਲਾਕਾਤ ਬਾਰੇ ਪੁੱਛਿਆ ਗਿਆ, ਤਾਂ ਉਸਨੇ ਕਿਹਾ ਕਿ ਅਜਿਹਾ ਨਾ ਹੋਣ ਦਾ ਕੋਈ ਕਾਰਨ ਨਹੀਂ ਹੈ।
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੋਵਾਂ ਕਲਾਕਾਰਾਂ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਇੱਕੋ ਸਮੇਂ ਰਿਲੀਜ਼ ਹੋਈਆਂ ਹਨ। ਕੰਗਨਾ ਦੀ 'ਭਾਰਤ ਭਾਗਿਆ ਵਿਧਾਤਾ' ਅਤੇ ਦਿਲਜੀਤ ਦੋਸਾਂਝ ਦੀ 'ਮੈਂ ਵਾਪਸ ਆਊਂਗਾ' 12 ਜੂਨ ਨੂੰ ਸਿਨੇਮਾਘਰਾਂ ਵਿੱਚ ਲੱਗੀਆਂ ਹਨ।
ਜ਼ਿਕਰਯੋਗ ਹੈ ਕਿ ਇਹ ਵਿਵਾਦ ਦਸੰਬਰ 2020 ਵਿੱਚ ਖੇਤੀ ਕਾਨੂੰਨਾਂ ਵਿਰੁੱਧ ਹੋ ਰਹੇ ਕਿਸਾਨ ਅੰਦੋਲਨ ਦੌਰਾਨ ਸ਼ੁਰੂ ਹੋਇਆ ਸੀ। ਕੰਗਨਾ ਨੇ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਬਜ਼ੁਰਗ ਮਹਿਲਾ (ਮਹਿੰਦਰ ਕੌਰ) ਦੀ ਗਲਤ ਪਛਾਣ ਕਰਦਿਆਂ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਉਸਨੂੰ ਤੱਥਾਂ ਦੇ ਆਧਾਰ 'ਤੇ ਜਵਾਬ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ 'ਐਕਸ' (ਪਹਿਲਾਂ ਟਵਿੱਟਰ) 'ਤੇ ਕਾਫ਼ੀ ਤਿੱਖੀ ਬਹਿਸ ਹੋਈ ਸੀ।