ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਦੀ ਰਿਹਾਇਸ਼ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੌਰਾਨ ਉਸ ਸਮੇਂ ਸਕਾਰਾਤਮਕ ਮਾਹੌਲ ਬਣ ਗਿਆ, ਜਦੋਂ ਸ੍ਰੀ ਅਮਨ ਅਰੋੜਾ ਖੁਦ ਧਰਨੇ ਵਾਲੀ ਥਾਂ ’ਤੇ ਪਹੁੰਚੇ ਅਤੇ ਮੁਲਾਜ਼ਮਾਂ ਨਾਲ ਸਿੱਧੀ ਗੱਲਬਾਤ ਕੀਤੀ।
ਸ੍ਰੀ ਅਮਨ ਅਰੋੜਾ ਨੇ ਧਰਨੇ ’ਤੇ ਬੈਠੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਠਾਏ ਗਏ ਜਾਇਜ਼ ਮਸਲਿਆਂ ਸਬੰਧੀ ਸਰਕਾਰ ਦੇ ਪੱਧਰ ’ਤੇ ਬਣਦੀ ਕਾਰਵਾਈ ਲਈ ਪੂਰੀ ਗੰਭੀਰਤਾ ਨਾਲ ਯਤਨ ਕੀਤੇ ਜਾਣਗੇ।
ਇਸ ਉਪਰੰਤ ਮੁਲਾਜ਼ਮ ਜਥੇਬੰਦੀਆਂ ਦਾ ਇੱਕ ਵਫ਼ਦ ਸ੍ਰੀ ਅਮਨ ਅਰੋੜਾ ਨਾਲ ਵਿਸਥਾਰਪੂਰਵਕ ਮੀਟਿੰਗ ਲਈ ਅੰਦਰ ਗਿਆ। ਮੀਟਿੰਗ ਦੌਰਾਨ ਮੁਲਾਜ਼ਮਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਗੱਲਬਾਤ ਦਾ ਮਾਹੌਲ ਸੁਖਾਵਾਂ ਅਤੇ ਸਕਾਰਾਤਮਕ ਰਿਹਾ ਅਤੇ ਦੋਵਾਂ ਪੱਖਾਂ ਵੱਲੋਂ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕੱਢਣ ’ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਉਪਰੰਤ ਮੁਲਾਜ਼ਮ ਜਥੇਬੰਦੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ ਅਤੇ ਉਹ ਵਾਪਸ ਚਲੇ ਗਏ। ਇਸ ਤਰ੍ਹਾਂ ਗੱਲਬਾਤ ਰਾਹੀਂ ਮਸਲਿਆਂ ਦੇ ਹੱਲ ਵੱਲ ਇੱਕ ਅਹਿਮ ਅਤੇ ਉਸਾਰੂ ਪਹਲ ਹੋਈ।
ਇਸ ਦੌਰਾਨ ਸ੍ਰੀ ਅਮਨ ਅਰੋੜਾ ਵੱਲੋਂ ਧਰਨੇ ’ਤੇ ਬੈਠੇ ਮੁਲਾਜ਼ਮਾਂ ਲਈ ਠੰਢੇ ਪਾਣੀ ਦੀ ਛਬੀਲ ਅਤੇ ਚਾਹ ਦਾ ਲੰਗਰ ਵੀ ਲਗਾਇਆ ਗਿਆ। ਇਸ ਪਹਿਲ ਨਾਲ ਧਰਨੇ ਦੌਰਾਨ ਆਪਸੀ ਸਤਿਕਾਰ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੋਈ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਗੱਲ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਹਰ ਨਾਗਰਿਕ ਅਤੇ ਮੁਲਾਜ਼ਮ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਗੱਲਬਾਤ, ਸਹਿਯੋਗ ਅਤੇ ਆਪਸੀ ਭਰੋਸੇ ਨਾਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਲਾਜ਼ਮ ਪੰਜਾਬ ਸਰਕਾਰ ਅਤੇ ਸੂਬੇ ਦੀ ਪ੍ਰਸ਼ਾਸਨਿਕ ਵਿਵਸਥਾ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨਾਲ ਸਬੰਧਤ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।
ਸ੍ਰੀ ਅਮਨ ਅਰੋੜਾ ਵੱਲੋਂ ਖੁਦ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀ ਪਹਿਲ ਨੂੰ ਮੁਲਾਜ਼ਮਾਂ ਨਾਲ ਸਿੱਧੇ ਸੰਵਾਦ ਅਤੇ ਲੋਕਤੰਤਰਿਕ ਢੰਗ ਨਾਲ ਮਸਲੇ ਹੱਲ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।