ਗਲੋਬਲ ਐਨਰਜੀ ਮਾਰਕੀਟ ’ਚ ਜਾਰੀ ਉਥਲ-ਪੁਥਲ ਅਤੇ ਪੱਛਮੀ ਦੇਸ਼ਾਂ ’ਚ ਈਂਧਨ ਦੀ ਭਾਰੀ ਕਮੀ ਦਰਮਿਆਨ ਭਾਰਤੀ ਤੇਲ ਰਿਫਾਇਨਿੰਗ ਸੈਕਟਰ ਨੇ ਇਕ ਨਵਾਂ ਕੀਰਤੀਮਾਨ ਹਾਸਲ ਕੀਤਾ ਹੈ। ਜੁਲਾਈ 2026 ’ਚ ਭਾਰਤ ਦੀ ਕੁੱਲ ਈਂਧਨ ਬਰਾਮਦ ਵਧ ਕੇ 1 ਸਾਲ ਦੇ ਸਭ ਤੋਂਨ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਪੱਛਮੀ ਏਸ਼ੀਆ ’ਚ ਡੂੰਘੇ ਹੁੰਦੇ ਫੌਜੀ ਸੰਕਟ, ਰੂਸ ਵੱਲੋਂ ਡੀਜ਼ਲ ਬਰਾਮਦ ’ਤੇ ਲਾਈਆਂ ਗਈਆਂ ਰੋਕਾਂ ਅਤੇ ਯੂਰਪ ’ਚ ਡੀਜ਼ਲ ਦੇ ਡਿੱਗਦੇ ਭੰਡਾਰ ਕਾਰਨ ਗਲੋਬਲ ਬਾਜ਼ਾਰਾਂ ’ਚ ਰਿਫਾਇਨਿੰਗ ਮਾਰਜਿਨ ’ਚ ਭਾਰੀ ਉਛਾਲ ਆਇਆ ਹੈ।
ਇਸ ਮੌਕੇ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਭਾਰਤ ਦੀ ਨਿੱਜੀ ਖੇਤਰ ਦੀਆਂ ਮਹਾਰਥੀ ਰਿਫਾਇਨਿੰਗ ਕੰਪਨੀਆਂ- ਰਿਲਾਇੰਸ ਇੰਡਸਟਰੀਜ਼ ਅਤੇ ਨਾਇਰਾ ਐਨਰਜੀ ਨੇ ਇੰਟਰਨੈਸ਼ਨਲ ਮਾਰਕੀਟਸ ’ਚ ਡੀਜ਼ਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਤੇਜ਼ ਕਰ ਦਿੱਤੀ।
ਇਨ੍ਹਾਂ ਦੇਸ਼ਾਂ ’ਚ ਵੀ ਹੋਈ ਬਰਾਮਦ
ਵੈਸਟਰਨ ਏਸ਼ੀਆ ਅਤੇ ਯੂਰਪ ’ਚ ਚੱਲ ਰਹੀ ਜੰਗ ਨੇ ਗਲੋਬਲ ਫਿਊਲ ਟਰੇਡ ਦੇ ਤੌਰ-ਤਰੀਕਿਆਂ ਨੂੰ ਬਦਲ ਦਿੱਤਾ ਹੈ, ਜਿਸ ਨਾਲ ਕੀਮਤਾਂ ਵਧੀਆਂ ਹਨ ਅਤੇ ਬਰਾਮਦਕਾਰਾਂ ਲਈ ਮੌਕੇ ਬਣੇ। ਇਨ੍ਹਾਂ ਸੰਘਰਸ਼ਾਂ ਨੇ ਰੂਸ ਅਤੇ ਖਾੜੀ ਦੇਸ਼ਾਂ ਤੋਂ ਹੋਣ ਵਾਲੀ ਸਪਲਾਈ ’ਚ ਰੁਕਾਵਟ ਪਾਈ ਹੈ, ਜੋ ਗਲੋਬਲ ਮਾਰਕੀਟ ਲਈ ਰਿਫਾਈਂਡ ਫਿਊਲ ਦੇ 2 ਮੁੱਖ ਸਰੋਤ ਹਨ। ਯੂਕ੍ਰੇਨ ਵੱਲੋਂ ਰੂਸੀ ਰਿਫਾਇਨਰੀਜ਼ ’ਚ ਕੀਤੇ ਗਏ ਹਮਲਿਆਂ ਕਾਰਨ ਮਾਸਕੋ ਨੂੰ ਪੈਟਰੋਲ ਅਤੇ ਡੀਜ਼ਲ ਦੀ ਬਰਾਮਦ ’ਤੇ ਰੋਕ ਲਾਉਣੀ ਪਈ ਹੈ, ਜਿਸ ਨਾਲ ਉਸ ਨੂੰ ਘਰੇਲੂ ਈਂਧਨ ਦੀ ਮੰਗ ਪੂਰੀ ਕਰਨ ਲਈ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਦਰਾਮਦ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ।
ਭਾਰਤੀ ਰਿਫਾਇਨਰੀਜ਼ ਲਈ ਬਰਾਮਦ ਵਧਾਉਣ ਦੇ ਅਨੁਕੂਲ ਹਾਲਾਤ
ਪਿਛਲੇ ਮਹੀਨੇ ਦੇਸ਼ ਦੀ ਈਂਧਨ ਬਰਾਮਦ ਇਕ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਇਸ ਦੀ ਵਜ੍ਹਾ ਸੀ ਡੀਜ਼ਲ ਤੋਂ ਹੋਣ ਵਾਲਾ ਚੰਗਾ ਮੁਨਾਫਾ, ਰੂਸ ਵੱਲੋਂ ਡੀਜ਼ਲ ਬਰਾਮਦ ’ਤੇ ਰੋਕ ਅਤੇ ਈਰਾਨ ਦੰਗ ਦੌਰਾਨ ਥੋੜ੍ਹੇ ਸਮੇਂ ਲਈ ਹੋਈ ਸ਼ਾਂਤੀ ਕਾਰਨ ਕੱਚੇ ਤੇਲ ਦੀ ਭਰਪੂਰ ਸਪਲਾਈ, ਜਿਸ ਨਾਲ ਭਾਰਤੀ ਰਿਫਾਇਨਰੀਜ਼ ਲਈ ਬਰਾਮਦ ਵਧਾਉਣ ਦੇ ਅਨੁਕੂਲ ਹਾਲਾਤ ਬਣੇ। ਐਨਾਲਿਟਿਕਸ ਫਰਮ ਕਪਲਰ ਦੇ ਸ਼ਿਪਿੰਗ ਡਾਟਾ ਅਨੁਸਾਰ, ਭਾਰਤ ਨੇ ਜੁਲਾਈ ’ਚ 1.53 ਮਿਲੀਅਨ ਬੈਰਲ ਪ੍ਰਤੀ ਦਿਨ ਰਿਫਾਈਂਡ ਈਂਧਨ ਬਰਾਮਦ ਕੀਤਾ, ਜੋ ਪਿਛਲੇ 12 ਮਹੀਨਿਆਂ ਦੇ ਔਸਤ ਤੋਂ 27 ਫੀਸਦੀ ਜ਼ਿਆਦਾ ਹੈ।
2017 ’ਚ ਕਪਲਰ ਦੇ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਤੋਂ ਕਿਸੇ ਵੀ ਜੁਲਾਈ ਮਹੀਨੇ ’ਚ ਇਹ ਮਾਤਰਾ ਸਭ ਤੋਂ ਜ਼ਿਆਦਾ ਸੀ। ਕਪਲਰ ’ਚ ਰਿਫਾਇਨਿੰਗ ਦੇ ਲੀਡ ਐਨਾਲਿਸਟ ਨਿਖਿਲ ਦੂਬੇ ਨੇ ਕਿਹਾ ਕਿ ਰੂਸੀ ਡੀਜ਼ਲ ਬਰਾਮਦ ’ਤੇ ਰੋਕ ਤੋਂ ਬਾਅਦ ਡੀਜ਼ਲ ਤੋਂ ਹੋਣ ਵਾਲੇ ਮੁਨਾਫੇ ’ਚ ਜ਼ਬਰਦਸਤ ਵਾਧੇ ਨੇ (ਭਾਰਤ ਤੋਂ) ਬਰਾਮਦ ਨੂੰ ਹੁਲਾਰਾ ਦਿੱਤਾ। ਸਪਲਾਈ ਦੀ ਕਮੀ ਨੂੰ ਪੂਰਾ ਕਰਨ ਲਈ ਉਨ੍ਹਾਂ ਇਲਾਕਿਆਂ ’ਚ ਕਾਰਗੋ ਭੇਜੇ ਗਏ, ਜਿੱਥੇ ਪਹਿਲਾਂ ਪੱਛਮੀ ਏਸ਼ੀਆ ਅਤੇ ਰੂਸ ਤੋਂ ਸਪਲਾਈ ਹੁੰਦੀ ਸੀ।
ਇਸ ਲਈ ਵੀ ਹੋਇਆ ਵਾਧਾ
ਦੂਬੇ ਨੇ ਕਿਹਾ ਕਿ ਬਰਾਮਦ ਵਧਣ ਦੀ ਇਕ ਹੋਰ ਵਜ੍ਹਾ ‘ਈਰਾਨ-ਅਮਰੀਕਾ ਵਿਚਾਲੇ ਥੋੜ੍ਹੇ ਸਮੇਂ ਦੀ ਸ਼ਾਂਤੀ ਦੌਰਾਨ ਰੁਕੇ ਹੋਏ ਕਾਰਗੋ ਦੇ ਆਉਣ ਨਾਲ ਕੱਚੇ ਤੇਲ ਦੀ ਭਰਪੂਰ ਉਪਲਬਧਤਾ’ ਸੀ, ਜਿਸ ਨਾਲ ਰਿਫਾਇਨਰੀਜ਼ ’ਚ ਕੰਮਕਾਜ ਦਾ ਪੱਧਰ ਉੱਚਾ ਬਣਾਈ ਰੱਖਣ ’ਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਅਤੇ ਨਾਇਰਾ ਐਨਰਜੀ ਵੱਲੋਂ ਸੰਚਾਲਿਤ ਰਿਫਾਇਨਰੀਆਂ ’ਚ ਮੁਰੰਮਤ ਦਾ ਕੰਮ ਪੂਰਾ ਹੋਣ ਨਾਲ ਵੀ ਉਹ ਜ਼ਿਆਦਾ ਮਾਤਰਾ ’ਚ ਕੱਚੇ ਤੇਲ ਦੀ ਪ੍ਰੋਸੈਸਿੰਗ ਕਰ ਸਕੀਆਂ। ਭਾਰਤ ਦੀ ਰਿਫਾਇੰਡ ਈਂਧਨ ਬਰਾਮਦ ’ਚ ਆਰ. ਆਈ. ਐੱਲ. ਦੀ ਹਿੱਸੇਦਾਰੀ ਲੱਗਭਗ ਤਿੰਨ-ਚੌਥਾਈ ਹੈ। ਇਕ ਹੋਰ ਪ੍ਰਮੁੱਖ ਬਰਾਮਦਕਾਰ, ਰੋਸਨੈਫਟ ਦੇ ਸਮਰਥ ਵਾਲੀ ਨਾਇਰਾ ਐਨਰਜੀ ਨੇ ਵੀ ਕਥਿਤ ਤੌਰ ’ਤੇ ਪਿਛਲੇ ਮਹੀਨੇ ਰੂਸ ਨੂੰ ਈਂਧਨ ਭੇਜਿਆ।