ਮਾਨਸਾ; ਮਾਨਸਾ ਦੇ ਨਵੇਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਅਹੁਦਾ ਸੰਭਾਲਦਿਆਂ ਹੀ ਸ਼ਹਿਰ ਵਾਸੀਆਂ ਨੇ ਪੁਰਾਣੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਕਮਰ ਕੱਸ ਲਈ ਹੈ। ਇਨਾ ਸਮੱਸਿਆਵਾਂ ਵਿੱਚ ਸ਼ਹਿਰ ਵਿੱਚ ਵੱਡੀ ਗਿਣਤੀ ਥਾਵਾਂ ਤੇ ਖਲੋਤਾ ਸੀਵਰੇਜ ਦਾ ਪਾਣੀ ਹੈ ਜਿਸਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਰੱਖੀ ਹੈ। ਸੀਨੀਅਰ ਐਡਵੋਕੇਟ ਅਤੇ ਸੰਵਿਧਾਨ ਬਚਾਓ ਮੰਚ ਦੇ ਆਗੂ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਨੂੰ ਪਹਿਲ ਦੇ ਅਧਾਰ 'ਤੇ ਸੀਵਰੇਜ ਦੇ ਪਾਣੀ ਨੂੰ ਗਲੀਆਂ ਵਿੱਚੋਂ ਕਢਵਾ ਕੇ ਉੱਥੇ ਦਵਾਈਆਂ ਦਾ ਛਿੜਕਾਅ ਕਰਵਾ ਕੇ ਆਉਣ ਵਾਲੇ ਸਮੇ ਵਿੱਚ ਫੈਲਣ ਵਾਲੇ ਡੇਂਗੂ ਤੋਂ ਬਚਾਅ ਲਈ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ। ਵਪਾਰ ਮੰਡਲ ਮਾਨਸਾ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਉਹ ਨਵੇ ਡਿਪਟੀ ਕਮਿਸ਼ਨਰ ਦਾ ਮਾਨਸਾ ਆਉਣ 'ਤੇ ਸਵਾਗਤ ਕਰਦੇ ਹਨ ਪਰ ਨਾਲ ਹੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਅਪੀਲ ਹੈ ਕਿ ਉਹ ਸਾਰੇ ਸ਼ਹਿਰ ਵਿੱਚ ਆਪ ਨਿੱਜੀ ਤੌਰ ਤੇ ਜਾ ਕੇ ਸੀਵਰੇਜ ਅਤੇ ਕੂੜੇ ਦੇ ਢੇਰਾਂ ਅਤੇ ਅਵਾਰਾ ਪਸ਼ੂਆਂ ਕਾਰਨ ਜੋ ਹਾਲ ਹੈ ਉਸਨੂੰ ਸੁਧਾਰਨ ਲਈ ਤੁਰੰਤ ਜਰੂਰੀ ਕਦਮ ਚੁੱਕਣ।
ਸੀਪੀਆਈ ਦੇ ਜਰਨਲ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਜੋ ਸਫਾਈ ਦਾ ਬੁਰਾ ਹਾਲ ਹੈ ਉਸ ਨੂੰ ਸੁਧਾਰਨ ਲਈ ਜੋ ਵੱਖ-ਵੱਖ ਏਜੰਸੀਆਂ ਦੇ ਕਰਮਚਾਰੀਸਫਾਈ ਕਰਦੇ ਹਨ ਉਹਨਾਂ ਦੀ ਲਿਸਟ ਜਨਤਕ ਕੀਤੀ ਜਾਵੇ ਅਤੇ ਜਿੰਨੇ ਮਾਨਸਾ ਸ਼ਹਿਰ ਵਿੱਚ ਸਫਾਈ ਕਰਮਚਾਰੀ ਹਨ, ਉਹਨਾਂ ਨੂੰ ਇਕੱਲੇ ਸਫਾਈ ਦੇ ਕੰਮ 'ਤੇ ਲਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਏਜੰਸੀਆਂ ਨੇ ਸਫਾਈ ਦੇ ਠੇਕੇ ਮਾਨਸਾ ਸ਼ਹਿਰ ਵਿੱਚ ਲਏ ਹਨ ਉਹਨਾਂ ਨੇ ਠੇਕੇ ਦੀਆਂ ਸ਼ਰਤਾਂ ਅਨੁਸਾਰ ਹਰ ਗਲੀ ਅਤੇ ਮੁਹੱਲੇ ਵਿੱਚ ਕੂੜਾ ਡੰਪ ਕਰਨ ਵਾਲੀਆਂ ਥਾਵਾਂ ਉੱਪਰ ਢਕੇ ਹੋਏ ਕੁੜਾਦਾਨ ਨਹੀਂ ਲਾਏ ਹੋਏ, ਜਿਸ ਕਾਰਨ ਕੁੜਾ ਸੜਕਾਂ ਉਪਰ ਖਿਲਰਿਆ ਰਹਿੰਦਾ ਹੈ ਅਤੇ ਕੂੜੇ ਨੂੰ ਇਕੱਠਾ ਕਰਨ ਲਈ ਜੋ ਟਰੈਕਟਰ ਅਤੇ ਹੋਰ ਸਾਧਨ ਵਰਤੇ ਜਾਂਦੇ ਹਨ ਉਹ ਵੀ ਗਿਣਤੀ ਵਿੱਚ ਘੱਟ ਅਤੇ ਉਪਰੋਂ ਢਕੇ ਹੋਏ ਨਹੀਂ ਹਨ । ਕੂੜੇ ਨੂੰ ਇਕੱਠੇ ਕਰਨਵਾਲੀ ਸਾਰੀ ਮਸ਼ੀਨਰੀ ਦੀ ਉਪਲੱਪਧਤਾ ਨੂੰ ਨਿੱਜੀ ਤੌਰ 'ਤੇ ਦਖਲਅੰਦਾਜੀ ਕਰਕੇ ਯਕੀਨੀ ਬਣਾਇਆ ਜਾਵੇ।
ਪੰਜਾਬ ਮੈਡੀਕਲ ਪ੍ਰੈਕਟੀਸ਼ਨ ਯੂਨੀਅਨ ਦੇ ਪ੍ਰਧਾਨ ਡਾ. ਧੰਨਾ ਮੱਲ ਗੋਇਲ ਨੇ ਕਿਹਾ ਕਿ ਮਾਨਸਾ ਸ਼ਹਿਰ ਵਿੱਚ ਵਾਟਰ ਵਰਕਸ ਦੀ ਸਪਲਾਈ ਦੇ ਪਾਣੀ ਵਿੱਚ ਸੀਵਰੇਜ ਦੇ ਪਾਣੀ ਦੀ ਮਿਕਸਿੰਗ ਹੋ ਚੁੱਕੀ ਹੈ ਜਿਸ ਕਾਰਨ ਉਹ ਪੀਣਯੋਗ ਨਹੀਂ ਰਿਹਾ, ਇਸ ਲਈ ਵੱਖ-ਵੱਖ ਵਾਰਡਾਂ ਵਿੱਚ ਜੋ ਜਨਤਕ ਆਰਓ ਸਿਸਟਮ ਲੱਗੇ ਹਨ ਉਹਨਾ ਨੂੰ ਚਾਲੂ ਹਾਲਤ ਵਿੱਚ ਕੀਤਾ ਜਾਵੇ। ਉਹਨਾ ਡਿਪਟੀ ਕਮਿਸ਼ਨਰ ਮਾਨਸਾ ਨੂੰ ਅਪੀਲ ਕੀਤੀ ਜੋ ਬਿਨਾ ਕਿਸੇ ਮਹਿਕਮੇ ਦੀ ਮਨਜੂਰੀ ਸੜਕਾਂ ਨੂੰ ਉੱਚਾਂ ਨਿੱਜੀ ਵਿਅਕਤੀਆਂ ਵੱਲੋਂ ਕੀਤਾ ਜਾ ਰਿਹਾ ਹੈ ਉਸਤੇ ਤੁਰੰਤ ਰੋਕ ਲਾਈ ਜਾਵੇ ਅਤੇ ਸਾਰੇ ਸ਼ਹਿਰ ਦਾ ਇੱਕ ਲੈਵਲ ਕੱਢ ਕੇ ਉਸ ਲੈਵਲ ਉਪਰ ਹੀ ਸਾਰੀਆਂ ਸੜਕਾ ਬਣਾਈਆ ਜਾਣ । ਜੇਕਰ ਕੋਈ ਸਰਕਾਰੀ ਸੜਕਾਂ ਦੀ ਭੰਨਤੋੜ ਕਰਦਾ ਹੈ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਪਰੋਕਤ ਆਗੂਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਮਾਨਸਾ ਦੇ ਵਿੱਚ ਆਉਣ ਤੇ ਆਪਣੇ ਵੱਲੋਂ ਨਸ਼ਿਆਂ ਦੇ ਖਾਤਮੇ, ਮਾਨਸਾ ਜ਼ਿਲ੍ਹੇ ਨੂੰ ਭਰਿਸ਼ਟਾਚਾਰ ਮੁਕਤ ਬਣਾਉਣ ਅਤੇ ਸੁਵਿਧਾਵਾਂ ਆਮ ਲੋਕਾਂ ਤੱਕ ਪੁਜੀਆਂ ਕਰਨ ਦਾ ਜੋ ਵਾਅਦਾ ਕੀਤਾ ਹੈ ਉਹ ਸ਼ਲਾਘਾਯੋਗ ਹੈ।