ਮਹਿੰਦਰਾ ਸਮੂਹ ਦੀ ਪ੍ਰਾਹੁਣਾਚਾਰੀ ਖੇਤਰ ਦੀ ਕੰਪਨੀ ਮਹਿੰਦਰਾ ਹਾਲੀਡੇਜ਼ ਐਂਡ ਰਿਜ਼ਾਰਟਸ ਇੰਡੀਆ ਲਿਮਟਿਡ ਨੂੰ ਦੇਹਰਾਦੂਨ ਦੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਅਥਾਰਟੀ ਤੋਂ 4 ਮਾਲੀ ਸਾਲਾਂ ’ਚ ਟੈਕਸ ਭੁਗਤਾਨ ’ਚ ਕਥਿਤ ਕਮੀ ਨੂੰ ਲੈ ਕੇ ਲੱਗਭਗ 11.34 ਕਰੋੜ ਰੁਪਏ ਦੀ ਮੰਗ ਦਾ ਨੋਟਿਸ ਮਿਲਿਆ ਹੈ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਨੂੰ ਇਸ ਕਾਰਨ ਦੱਸੋ ਨੋਟਿਸ ਨਾਲ ਵਿੱਤੀ ਸਥਿਤੀ ’ਤੇ ਕੋਈ ਖਾਸ ਅਸਰ ਪੈਣ ਦੀ ਉਮੀਦ ਨਹੀਂ ਹੈ। ਕੰਪਨੀ ਨੇ ਕਿਹਾ ਕਿ ਉਹ ਦੇਹਰਾਦੂਨ ਸਥਿਤ ਕੇਂਦਰੀ ਜੀ. ਐੱਸ. ਟੀ. ਆਡਿਟ ਕਮਿਸ਼ਨਰੇਟ ਦੇ ਵਧੀਕ/ਸੰਯੁਕਤ ਕਮਿਸ਼ਨਰ ਦੇ ਸਾਹਮਣੇ ਕਾਨੂੰਨੀ ਉਪਾਅ ਅਪਣਾਉਣ ਲਈ ਉਚਿਤ ਕਦਮ ਚੁੱਕ ਰਹੀ ਹੈ। ਕੰਪਨੀ ਮੁਤਾਬਕ ਉਸ ਨੂੰ ਅਥਾਰਟੀ ਤੋਂ 25 ਅਗਸਤ, 2026 ਨੂੰ ਈ-ਮੇਲ ਰਾਹੀਂ ਕਾਰਨ ਦੱਸੋ ਨੋਟਿਸ ਮਿਲਿਆ। ਇਸ ’ਚ ਮਾਲੀ ਸਾਲ 2020-21, 2021-22, 2022-23 ਅਤੇ 2023-24 ਲਈ ਕੁੱਲ 11,33,69,421 ਰੁਪਏ ਦੀ ਮੰਗ ਕੀਤੀ ਗਈ ਹੈ। ਇਸ ’ਚ 11,33,19,421 ਰੁਪਏ ਦਾ ਟੈਕਸ ਅਤੇ 50,000 ਰੁਪਏ ਦਾ ਜੁਰਮਾਨਾ ਸ਼ਾਮਲ ਹੈ।
ਕੰਪਨੀ ਨੇ ਦੱਸਿਆ ਕਿ ਇਹ ਮੰਗ ਮੁੱਖ ਤੌਰ ’ਤੇ ਉੱਤਰਾਖੰਡ ’ਚ ਸੇਵਾਵਾਂ ਦੀ ਸਪਲਾਈ ’ਚ ਘੱਟ ਟੈਕਸ ਭੁਗਤਾਨ ਅਤੇ ਕਾਰੋਬਾਰ ਦੇ ਅੰਕੜਿਆਂ ’ਚ ਫਰਕ ਕਾਰਨ ਕੀਤੀ ਗਈ ਹੈ। ਇਹ ਮੰਗ ਉੱਤਰਾਖੰਡ ਵਸਤੂ ਅਤੇ ਸੇਵਾ ਟੈਕਸ ਐਕਟ, 2017 ਅਤੇ ਕੇਂਦਰੀ ਵਸਤੂ ਅਤੇ ਸੇਵਾ ਟੈਕਸ ਐਕਟ, 2017 ਦੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ।