ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਇੱਕ ਲਾਈਵ ਕੰਸਰਟ ਦੌਰਾਨ ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨਾਲ ਬਦਸਲੂਕੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਦੋਂ ਜੈਸਮੀਨ ਸਟੇਜ ਦੇ ਬਿਲਕੁਲ ਨੇੜੇ ਆਪਣੇ ਪ੍ਰਸ਼ੰਸਕਾਂ ਨਾਲ ਹੱਥ ਮਿਲਾਉਣ ਤੇ ਉਨ੍ਹਾਂ ਦਾ ਪਿਆਰ ਕਬੂਲਣ ਲਈ ਗਈ, ਤਾਂ ਭੀੜ ਵਿੱਚ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕਾ ਇਸ ਵਤੀਰੇ ਕਾਰਨ ਕਾਫ਼ੀ ਅਸਹਿਜ ਮਹਿਸੂਸ ਕਰ ਰਹੀ ਸੀ।
ਵੀਡੀਓ ਦੇ ਅੰਤ ਵਿੱਚ ਕੁਝ ਲੋਕਾਂ ਨੂੰ ਆਪਸ ਵਿੱਚ ਝਗੜਦੇ ਤੇ ਸਟੇਜ ਤੋਂ ਦੂਰ ਹੁੰਦੇ ਵੀ ਦੇਖਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਸ ਘਟਨਾ ਦੀ ਸਖ਼ਤ ਨਿੰਦਾ ਕਰ ਰਹੇ ਹਨ ਤੇ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਗਾਇਕਾ ਤੋਂ ਮੁਆਫੀ ਮੰਗੀ ਜਾਣੀ ਚਾਹੀਦੀ ਹੈ। ਹਾਲਾਂਕਿ, ਜੈਸਮੀਨ ਸੈਂਡਲਸ ਵੱਲੋਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਤ ਸਫਾਈ ਜਾਂ ਬਿਆਨ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਜੈਸਮੀਨ ਸੈਂਡਲਸ ਅੱਜ-ਕੱਲ੍ਹ ਅਦਿੱਤਿਆ ਧਰ ਦੀ ਫਿਲਮ 'ਧੁਰੰਧਰ' ਦੇ ਗੀਤਾਂ ਕਾਰਨ ਦੇਸ਼ ਭਰ ਵਿੱਚ ਚਰਚਾ ਵਿੱਚ ਹੈ। ਦੇਹਰਾਦੂਨ ਦੇ ਇਸ ਕੰਸਰਟ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।