ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਦਿੱਲੀ ਵਿਖੇ ਮਿਲੇ ਅਤੇ ਅੰਮ੍ਰਿਤਸਰ-ਮੁੰਬਈ ਵੰਦੇ ਭਾਰਤ ਸਲੀਪਰ ਟ੍ਰੇਨ ਚਲਾਉਣ ਦੀ ਅਪੀਲ ਕੀਤੀ। ਇਸ ਨਾਲ ਪੰਜਾਬ ਦੇ ਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਭਾਵ ਮਾਝਾ, ਮਾਲਵਾ ਅਤੇ ਦੋਆਬਾ ਖੇਤਰ ਦੇ ਨਿਵਾਸੀਆਂ ਨੂੰ ਰਾਜਧਾਨੀ ਦਿੱਲੀ, ਗੁਜਰਾਤ, ਮਹਾਰਾਸ਼ਟਰ ਅਤੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਲਈ ਇਕ ਤੇਜ਼ ਰਫ਼ਤਾਰ ਅਤੇ ਆਰਾਮਦਾਇਕ ਰੇਲ ਯਾਤਰਾ ਮਿਲੇਗੀ।
ਮਲਿਕ ਨੇ ਕਿਹਾ ਕਿ ਲੱਗਭਗ 25 ਸਾਲ ਪਹਿਲਾਂ ਅੰਮ੍ਰਿਤਸਰ-ਮੁੰਬਈ ਲਈ ਗੋਲਡਨ ਟੈਂਪਲ ਐਕਸਪ੍ਰੈੱਸ (ਫ੍ਰੰਟੀਅਰ ਮੇਲ) ਅਤੇ ਡੀਲਕਸ ਐਕਸਪ੍ਰੈੱਸ ਟ੍ਰੇਨਾਂ ਚੱਲ ਰਹੀਆਂ ਹਨ ਜੋ ਬਹੁਤ ਸਮਾਂ ਲੈਂਦੀਆਂ ਹਨ। ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਦਿੱਲੀ ਤੋਂ ਪੰਜਾਬ ਦੇ ਕਈ ਸ਼ਹਿਰਾਂ ਨੂੰ ਵੰਦੇ ਭਾਰਤ ਰੇਲ ਗੱਡੀਆਂ ਦੇਣ, ਪੰਜਾਬ ਦੇ ਕਈ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕਰਨ ਅਤੇ ਹਜ਼ਾਰਾਂ ਕਰੋੜ ਦੇ ਰੇਲਵੇ ਪ੍ਰਾਜੈਕਟ ਪੰਜਾਬ ਨੂੰ ਦੇਣ ਲਈ ਧੰਨਵਾਦ ਕੀਤਾ।
ਮਲਿਕ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਅੰਮ੍ਰਿਤਸਰ-ਮੁੰਬਈ ਵੰਦੇ ਭਾਰਤ ਤੇਜ਼ ਰਫ਼ਤਾਰ ਸਲੀਪਰ ਟ੍ਰੇਨ ਚੱਲਣ ਨਾਲ ਪੰਜਾਬ ਦੇ ਯਾਤਰੀਆਂ, ਵਿਸ਼ੇਸ਼ ਕਰ ਕੇ ਕਿਸਾਨਾਂ, ਉਦਯੋਗਪਤੀਆਂ, ਵਪਾਰੀਆਂ, ਭਾਰਤੀ ਫ਼ੌਜ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਮਲਿਕ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਰੇਲ ਮੰਤਰਾਲਾ ਵੱਲੋਂ ਪੰਜਾਬ 'ਚ ਰੇਲਵੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਅਤੇ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ’ਚ, ਪੰਜਾਬ ’ਚ 26,000 ਕਰੋੜ ਰੁਪਏ ਤੋਂ ਵੱਧ ਦੇ ਰੇਲ ਪ੍ਰਾਜੈਕਟ ਚੱਲ ਰਹੇ ਹਨ।