ਸੂਚਨਾ ਤਕਨਾਲੋਜੀ ਕੰਪਨੀ ਵਿਪਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਸ਼੍ਰੀਨਿਵਾਸ ਪੱਲਿਆ ਨੂੰ ਵਿੱਤੀ ਸਾਲ 2025-26 ’ਚ ਕੁੱਲ 52.9 ਲੱਖ ਅਮਰੀਕੀ ਡਾਲਰ (ਲੱਗਭਗ 49.64 ਕਰੋੜ ਰੁਪਏ) ਦੀ ਤਨਖਾਹ ਮਿਲੀ। ਇਹ ਜਾਣਕਾਰੀ ਕੰਪਨੀ ਦੀ ਸਾਲਾਨਾ ਰਿਪੋਰਟ ’ਚ ਦਿੱਤੀ ਗਈ ਹੈ।
ਪੱਲਿਆ ਦੇ ਕੁੱਲ ਮਿਹਨਤਾਨੇ 52,90,568 ਡਾਲਰ ’ਚ 16.5 ਲੱਖ ਡਾਲਰ ਤਨਖਾਹ ਅਤੇ ਭੱਤੇ, 10.5 ਲੱਖ ਡਾਲਰ ਕਮਿਸ਼ਨ ਤੇ ਵੇਰੀਏਬਲ ਪੇਅ, 24.7 ਲੱਖ ਡਾਲਰ ਹੋਰ ਲਾਭ ਅਤੇ 1,08,464 ਡਾਲਰ ਲੰਮੇ ਸਮੇਂ ਦਾ ਮੁਆਵਜ਼ਾ ਸ਼ਾਮਲ ਹੈ। ਉਨ੍ਹਾਂ ਨੇ ਅਪ੍ਰੈਲ 2024 ’ਚ ਵਿਪਰੋ ਦੇ ਸੀ. ਈ. ਓ. ਅਤੇ ਐੱਮ. ਡੀ. ਦਾ ਅਹੁਦਾ ਸੰਭਾਲਿਆ ਸੀ। ਵਿਪਰੋ ਦੇ ਕਾਰਜਕਾਰੀ ਚੇਅਰਮੈਨ ਰਿਸ਼ਦ ਏ. ਪ੍ਰੇਮਜੀ ਨੂੰ ਇਸੇ ਮਿਆਦ ’ਚ ਕੁੱਲ 7,73,213 ਡਾਲਰ (ਲੱਗਭਗ 7.25 ਕਰੋੜ ਰੁਪਏ) ਦਾ ਮਿਹਨਤਾਨਾ ਮਿਲਿਆ। ਵਿਪਰੋ ਦੀ ਮੁੱਖ ਵਿੱਤੀ ਅਧਿਕਾਰੀ ਅਪਰਣਾ ਸੀ. ਅਈਅਰ ਨੂੰ ਵਿੱਤੀ ਸਾਲ 2025-26 ’ਚ 7,17,749 ਡਾਲਰ (ਲੱਗਭਗ 6.73 ਕਰੋੜ ਰੁਪਏ) ਦਾ ਮਿਹਨਤਾਨਾ ਮਿਲਿਆ।
ਇਨਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਸਲੀਲ ਪਾਰੇਖ ਨੇ ਵਿੱਤੀ ਸਾਲ 2025-26 ’ਚ 82.60 ਕਰੋੜ ਰੁਪਏ ਦਾ ਕੁੱਲ ਮਿਹਨਤਾਨਾ ਪ੍ਰਾਪਤ ਕੀਤਾ, ਜੋ ਇਨ੍ਹਾਂ ਤਿੰਨਾਂ ’ਚੋਂ ਸਭ ਤੋਂ ਵੱਧ ਹੈ। ਉੱਥੇ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦੇ ਸੀ. ਈ. ਓ. ਅਤੇ ਐੱਮ. ਡੀ. ਕੇ. ਕ੍ਰਿਤੀਵਾਸਨ ਨੂੰ 2025-26 ’ਚ ਕੁੱਲ 28 ਕਰੋੜ ਰੁਪਏ ਦਾ ਮਿਹਨਤਾਨਾ ਮਿਲਿਆ।