ਫਾਜ਼ਿਲਕਾ : ਆਸਫ਼ਵਾਲਾ ਵਾਰ ਮੈਮੋਰੀਅਲ ਕਮੇਟੀ, ਪੀ. ਐੱਚ. ਡੀ. ਸੀ. ਸੀ. ਆਈ. ਵਲੋਂ 'ਰੱਖੜੀ ਸਰਹੱਦ ਦੇ ਨਾਂ' ਪ੍ਰੋਗਰਾਮ ਤਹਿਤ ਰੱਖੜੀ ਦਾ ਤਿਉਹਾਰ 23 ਅਗਸਤ ਨੂੰ ਫਾਜ਼ਿਲਕਾ ਦੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਫਾਜ਼ਿਲਕਾਂ ਦੀਆਂ 1100 ਔਰਤਾਂ ਆਪਣੇ ਪਰਿਵਾਰਾਂ ਸਮੇਤ ਭਾਰਤੀ ਫ਼ੌਜ ਅਤੇ ਬੀ. ਐੱਸ. ਐੱਫ. ਦੇ 1100 ਜਵਾਨਾਂ ਦੇ ਗੁੱਟਾਂ 'ਤੇ ਰੱਖੜੀਆਂ ਸਜਾਉਣ ਲਈ ਇਕੱਠੀਆਂ ਹੋਣਗੀਆਂ।
ਇਹ ਮੌਕਾ ਆਸਫਵਾਲਾ ਜੰਗੀ ਯਾਦਗਾਰ ਵਿਖੇ ਵਿਸ਼ੇਸ਼ ਮਹੱਤਵ ਰੱਖਦਾ ਹੈ, ਜੋ ਕਿ 1971 ਦੀ ਭਾਰਤ-ਪਾਕਿ ਜੰਗ ਦੌਰਾਨ ਫਾਜ਼ਿਲਕਾ ਸੈਕਟਰ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਵਾਰਨ ਵਾਲੇ 232 ਫੌ਼ਜੀਆਂ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ। ਇਸ ਜਸ਼ਨ ਦੌਰਾਨ ਫ਼ੌਜ ਅਤੇ ਬੀ. ਐੱਸ. ਐੱਫ. ਦੇ ਜਵਾਨ, ਸਾਬਕਾ ਫ਼ੌਜੀ, ਸ਼ਹੀਦਾਂ ਦੇ ਪਰਿਵਾਰ, ਨਾਗਰਿਕਾਂ, ਗੈਰ ਸਰਕਾਰੀ ਸੰਗਟਨਾਂ ਅਤੇ ਹੋਰ ਸਮਾਜਿਕ ਸਮੂਹਾਂ ਨੂੰ ਇਕੱਠਾ ਕਰੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ।