ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ’ਤੇ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ਼. ਦੀ ਸਖ਼ਤੀ ਕਾਰਨ ਸੂਬੇ ’ਚ ਹੈਰੋਇਨ ਦੀ ਜ਼ਮੀਨੀ ਪੱਧਰ 'ਤੇ ਉਪਲਬੱਧਤਾ ’ਚ ਕਮੀ ਆਈ ਹੈ। ਉਥੇ ਹੀ ਨਸ਼ਾ ਸਮੱਗਲਿੰਗ ਦੇ ਤੌਰ-ਤਰੀਕਿਆਂ ’ਚ ਬਦਲਾਅ ਦੇ ਨਾਲ ਦੂਜੇ ਸੂਬਿਆਂ ਤੋਂ ਆਉਣ ਵਾਲੇ ਫਾਰਮਾਸਿਊਟੀਕਲ ਡਰੱਗਜ਼ ਪੁਲਸ ਲਈ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਏ ਹਨ।
ਪੰਜਾਬ ਪੁਲਸ ਦੇ ਬੁਲਾਰੇ ਮੁਤਾਬਕ ਸਰਹੱਦ ’ਤੇ ਡਰੋਨ ਰਾਹੀਂ ਨਸ਼ਾ ਸਮੱਗਲਿੰਗ ਰੋਕਣ ਲਈ ਬਹੁ-ਪੱਧਰੀ ਸੁਰੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ। 9 ਡਰੋਨ ਡਿਟੈਕਸ਼ਨ ਪਲੇਟਫਾਰਮ ਤਾਇਨਾਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ 3 ‘ਬਾਜ਼ ਦੀ ਅੱਖ’ ਸਿਸਟਮ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ’ਚ ਪਹਿਲਾਂ ਤੋਂ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਕੰਮ ਕਰਨ ਵਾਲੀ ‘ਡਰੋਨ ਸੈਂਸ ਡੀ200 ਪ੍ਰੋ’ ਦੀਆਂ 3 ਨਵੀਆਂ ਯੂਨਿਟਾਂ 3 ਸਤੰਬਰ ਤੋਂ ਸਰਹੱਦੀ ਜ਼ਿਲ੍ਹਿਆਂ ’ਚ ਰਣਨੀਤਕ ਸਥਾਨਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ। ਇਹ ਸਿਸਟਮ ਡਰੋਨ ਦੀਆਂ ਗਤੀਵਿਧੀਆਂ ਅਤੇ ਖੇਪ ਡਿੱਗਣ ਵਾਲੇ ਸਥਾਨਾਂ ਦੀ ਜਾਣਕਾਰੀ ਉਪਲੱਬਧ ਕਰਵਾਉਂਦੇ ਹਨ।
ਡਰੋਨ ਅਲਰਟ ’ਤੇ ਤੁਰੰਤ ਕਾਰਵਾਈ ਲਈ 147 ਪੁਲਸ ਕਰਮਚਾਰੀਆਂ ਅਤੇ 52 ਡਰੋਨ ਰਿਸਪਾਂਸ ਟੀਮਾਂ ਨੂੰ ਬੀ. ਐੱਸ. ਐੱਫ਼. ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਸਰਹੱਦੀ ਖੇਤਰ ’ਚ 585 ਸਥਾਨਾਂ ’ਤੇ 2,367 ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਇਸ ਤੋਂ ਇਲਾਵਾ 600 ਪੁਲਸ ਕਰਮਚਾਰੀਆਂ ਵਾਲੇ 64 ਸੈਕਿੰਡ ਲਾਈਨ ਆਫ਼ ਡਿਫੈਂਸ ਨਾਕੇ ਸਥਾਪਤ ਕੀਤੇ ਗਏ ਹਨ। ਪਿੰਡਾਂ ’ਚ ਵਿਲੇਜ ਡਿਫੈਂਸ ਕਮੇਟੀਆਂ ਨੂੰ ਵੀ ਡਰੋਨ ਰਿਸਪਾਂਸ ਟੀਮਾਂ ਨਾਲ ਜੋੜਿਆ ਗਿਆ ਹੈ। ਪੁਲਸ ਬੁਲਾਰੇ ਮੁਤਾਬਕ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 1 ਮਾਰਚ 2025 ਤੋਂ ਹੁਣ ਤੱਕ ਕਰੀਬ 80,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 486 ਡਰੋਨ ਬਰਾਮਦ ਕੀਤੇ ਗਏ ਹਨ। ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ’ਤੇ ਕਾਰਵਾਈ ਤਹਿਤ 336 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ।
ਦੂਜੇ ਸੂਬਿਆਂ ਤੋਂ ਪੁੱਜੇ 11.54 ਲੱਖ ਨਸ਼ੀਲੀਆਂ ਗੋਲ਼ੀਆਂ-ਕੈਪਸੂਲ ਬਰਾਮਦ
ਪੁਲਸ ਮੁਤਾਬਕ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਤਰੀਕੇ ’ਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਸਾਲ 2025 ਤੋਂ ਹੁਣ ਤੱਕ ਦੂਜੇ ਸੂਬਿਆਂ ਨਾਲ ਜੁੜੀਆਂ ਖੇਪਾਂ ’ਚ 11.54 ਲੱਖ ਨਸ਼ੀਲੀਆਂ ਗੋਲ਼ੀਆਂ ਅਤੇ ਕੈਪਸੂਲ ਬਰਾਮਦ ਕੀਤੇ ਜਾ ਚੁੱਕੇ ਹਨ। ਇਨ੍ਹਾਂ ’ਚ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਨਾਲ ਜੁੜੀਆਂ ਖੇਪਾਂ ਸ਼ਾਮਲ ਹਨ। ਪੁਲਸ ਦੇ ਅਨੁਮਾਨ ਮੁਤਾਬਕ ਪੰਜਾਬ ’ਚ ਸਮੱਗਲਿੰਗ ਰਾਹੀਂ ਪਹੁੰਚਣ ਵਾਲੇ ਫਾਰਮਾਸਿਊਟੀਕਲ ਡਰੱਗਜ਼ ’ਚ 80 ਫ਼ੀਸਦੀ ਤੋਂ ਵੱਧ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਆਦਿ ਸੂਬਿਆਂ ਤੋਂ ਆਉਂਦੇ ਹਨ। ਪੁਲਸ ਸੰਬੰਧਤ ਸੂਬਿਆਂ ਨਾਲ ਤਾਲਮੇਲ ਕਰਕੇ ਅੰਤਰ-ਰਾਜ ਸਮੱਗਲਿੰਗ ਰੋਕਣ ਦੇ ਉਪਾਵਾਂ ’ਤੇ ਕੰਮ ਕਰੇਗੀ।