ਭੀਖੀ (ਨਵੀਨ ਕੁਮਾਰ ਸਿੰਗਲਾ) : ਭੀਖੀ ਦੀ ਵੱਖੀ ਨਾਲੋਂ ਲੰਘਦੇ ਬਰਸਾਤੀ ਨਾਲੇ ਬਹਾਦਰ ਸਿੰਘ ਵਾਲਾ ਡਰੇਨ ਤੋਂ ਲੰਘਦੇ ਰਾਜਮਾਰਗ 12 ਏ ‘ਤੇ ਬਣਿਆ ਪੁਲ ਖਸਤਾ ਹਾਲਤ ਵਿੱਚ ਹੈ ਅਤੇ ਇਸਦੀ ਸੁਰੱਖਿਆ ਗਰਿੱਲ ਥਾਂ-ਥਾਂ ਤੋਂ ਟੱੁਟੀ ਹੋਈ ਹੈ। ਇੰਨਾਂ ਟੁੱਟੀਆਂ ਗਰਿੱਲਾਂ ‘ਤੇ ਜਦੋਂ ਅਚਾਨਕ ਵਾਹਨ ਚਾਲਕ ਦਾ ਧਿਆਨ ਜਾਂਦਾ ਹੈ ਤਾਂ ਪਲ ਦੋ ਪਲ ਲਈ ਉਸਦੀ ਡਰਾਇਵਿੰਗ ਤੋਂ ਬੇਧਿਆਨੀ ਹੋ ਜਾਂਦੀ ਹੈ। ਉਪਰੋਂ ਪੁਲ ਦੇ ਦੋਨੇ ਪਾਸੇ ਬਣੇ ਛੋਟੇ ਛੋਟੇ ਸਪੀਡ ਬਰੇਕਰਾਂ ਤੋਂ ਸੜਕ ਛੇ-ਛੇ ਇੰਚ ਤੋਂ ਵੱਧ ਦਬ ਚੁੱਕੀ ਹੈ ਜਿਸ ਕਰਕੇ ਅਕਸਰ ਇਥੋਂ ਵਾਹਨ ਬੇਕਾਬੂ ਹੋ ਜਾਂਦੇ ਹਨ ਅਤੇ ਨਿੱਤ ਹੀ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ। ਬੀਤੇ ਦਿਨੀਂ ਹੀ ਇਸ ਧਸੀ ਸੜਕ ਕਾਰਨ ਪਿੰਡ ਹਮੀਰਗੜ੍ਹ ਢੈਪਈ ਦੇ ਦੋ ਨੌਜਵਾਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਜਿਕਰਯੋਗ ਹੈ ਕਿ 2012 ਵਿੱਚ ਭਵਾਨੀਗੜ੍ਹ ਤੋਂ ਲੈਕੇ ਕੋਟਸ਼ਮੀਰ ਤੱਕ ਇਸ ਮਾਰਗ ਨੂੰ ਅਪਗ੍ਰੇਡ ਕਰਦਿਆਂ 2 ਮਾਰਗੀ ਕੀਤਾ ਸੀ ਅਤੇ 10 ਸਾਲ ਤੱਕ ਇਸ ਸੜਕ ਦੀ ਸਾਂਭ ਸੰਭਾਲ ਨਿਰਮਾਣ ਕੰਪਨੀ ਕੋਲ ਰਹੀ। ਇਸ ਦੌਰਾਨ ਇਸ ਸੜਕ ਦੀ ਲਗਾਤਾਰ ਸਾਂਭ ਸੰਭਾਲ ਹੁੰਦੀ ਰਹੀ ਅਤੇ ਸੜਕ ‘ਤੇ ਹਾਦਸਿਆਂ ਵਿੱਚ ਵੀ ਕਮੀ ਆਈ ਸੀ ਪ੍ਰੰਤੂ ਬੀਤੇ ਤਿੰਨ ਸਾਲ ਤੋਂ ਸੜਕ ਦੀ ਹਾਲਤ ਬਹੁਤ ਬਦਤਰ ਹੈ। ਦੂਸਰੇ ਪਾਸੇ ਇਹ ਸੜਕ ਟੋਲ ਫਰੀ ਹੋਣ ਕਾਰਨ ਭਾਰੀ ਮਾਤਰਾ ਵਿੱਚ ਇਥੋਂ ਉੱਚ ਸਮਰੱਥਾ ਵਾਲੇ ਟਰੱਕ ਲੰਘਦੇ ਹਨ। ਉਵਰਲੋਡ ਇੰਨਾਂ ਟਰੱਕਾਂ ਕਾਰਨ ਸੜਕ ਬੁਰੀ ਤਰਾਂ ਨੁਕਸਾਨੀ ਗਈ ਹੈ ਅਤੇ ਜਿਥੋਂ ਤੱਕ ਡਰੇਨ ਦੇ ਪੁਲ ਦਾ ਸਵਾਲ ਹੈ, ਸੜਕ ਨੂੰ ਅਪਗ੍ਰੇਡ ਕਰਨ ਮੌਕੇ ਇਹ ਪੁਲ ਦੁਬਾਰਾ ਨਹੀ ਬਣਾਇਆ ਗਿਆ ਅਤੇ ਉਹੀ 8 ਦਹਾਕੇ ਪੁਰਾਣਾ ਇਹ ਪੁਲ ਹਾਲੇ ਵੀ ਵਰਤਿਆ ਜਾ ਰਿਹਾ ਹੈ ਅਤੇ ਇਸ ਪੁਲ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਸੁਰੱਖਿਆ ਪੱਖੋਂ ਲਗਾਈਆਂ ਗਰਿੱਲਾਂ ਵੀ ਕਾਫੀ ਲੰਮੇ ਸਮੇਂ ਤੋਂ ਟੁੱਟੀਆ ਪਈਆਂ ਹਨ ਜਿਸ ‘ਤੇ ਹਾਲੇ ਤੱਕ ਪ੍ਰਸ਼ਾਸਨ ਦੀ ਸਵੱਲੀ ਨਜਰ ਨਹੀ ਗਈ। ਬੇਸ਼ੱਕ ਸੈਂਕੜੇ ਸਰਕਾਰੀ ਗੱਡੀਆਂ ਰੋਜਾਨਾ ਇਸ ਪੁਲ ਤੋਂ ਗੁਜਰਦੀਆਂ ਹਨ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਕਿਸੇ ਵੱਡੀ ਘਟਨਾ ਦੇ ਵਾਪਰਨ ਤੋਂ ਪਹਿਲਾਂ ਇਸ ਪੁਲ ਦੀ ਲੋੜੀਂਦੀ ਮੁਰੰਮਤ ਕਰਵਾਈ ਜਾਵੇ।