ਫਰੀਦਕੋਟ/ਸਾਦਿਕ : ਪੰਜਾਬ ਪੁਲਸ ਵੱਲੋਂ ਸਰਹੱਦੋਂ ਪਾਰ ਹੈਰੋਇਨ ਦੀ ਤਸਕਰੀ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਫਰੀਦਕੋਟ ਪੁਲਸ ਵੱਲੋਂ ਸਰਹੱਦ ਪਾਰ ਹੈਰੋਇਨ ਤਸਕਰੀ ਦੇ ਇਕ ਨੈੱਟਵਰਕ ਦਾ ਪਰਦਾਫ਼ਾਸ਼ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ 47.3 ਕਿਲੋਗ੍ਰਾਮ ਹੈਰੋਇਨ, 3 ਪਿਸਤੌਲਾਂ, 3 ਮੈਗਜ਼ੀਨ, 15 ਜ਼ਿੰਦਾ ਕਾਰਤੂਸ ਅਤੇ 2 ਵਾਹਨ ਬਰਾਮਦ ਕੀਤੇ ਗਏ। ਇਸ ਦੀ ਜਾਣਕਾਰੀ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਵਿਚ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਪੰਜਾਬ 'ਚ ਤਸਕਰੀ 'ਚ ਸ਼ਾਮਲ ਇਕ ਨੈੱਟਵਰਕ ਨਾਲ ਜੁੜੇ ਹੋਏ ਹਨ।
ਇਸ ਸਬੰਧੀ ਪੁਲਸ ਸਟੇਸ਼ਨ ਸਾਦਿਕ, ਫਰੀਦਕੋਟ ਵਿਖੇ ਇਕ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਇਸ ਵੱਡੇ ਨੈੱਟਵਰਕ ਨੂੰ ਬੇਨਕਾਬ ਕਰਨ ਅਤੇ ਇਸ ਦੇ ਸੰਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਪੁਲਸ ਸਰਹੱਦ ਪਾਰ ਤਸਕਰੀ 'ਤੇ ਸਖ਼ਤ ਨਜ਼ਰ ਰੱਖਣ ਅਤੇ ਨਸ਼ਿਆਂ ਦੀ ਤਸਕਰੀ ਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ।
ਇਹ ਹੋਈ ਮੁਲਜ਼ਮਾਂ ਦੀ ਪਛਾਣ
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਵਾਸੀ ਪਿੰਡ ਗੂੜ੍ਹੜ ਪੰਜਗਰਾਈਂ, ਗੁਰੂਹਰਸਹਾਏ, ਅੰਕੁਸ਼, ਸਚਿਨ ਉਰਫ਼ ਸੰਜੂ ਅਤੇ ਅਨਮੋਲ ਸਿੰਘ ਵਾਸੀ ਪਿੰਡ ਲਮੋਚੜ ਖੁਰਦ, ਜਲਾਲਾਬਾਦ ਵਜੋਂ ਹੋਈ ਹੈ। ਪੁਲਸ ਮੁਤਾਬਕ ਬਾਬਾ ਫ਼ਰੀਦ ਆਗਮਨ ਪੁਰਬ ਦੇ ਮੱਦੇਨਜ਼ਰ ਸਾਦਿਕ-ਦੀਪ ਸਿੰਘ ਵਾਲਾ ਰੋਡ 'ਤੇ ਪਿੰਡ ਕਾਉਣੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੀਪ ਸਿੰਘ ਵਾਲਾ ਵੱਲੋਂ ਆ ਰਹੀ ਇਕ ਹੌਂਡਾ ਸਿਟੀ ਕਾਰ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਸਵਾਰਾਂ ਨੇ ਪੁਲਸ ਨੂੰ ਵੇਖ ਕੇ ਗੱਡੀ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਕਾਰ ਬੰਦ ਹੋ ਗਈ ਅਤੇ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਕਾਰ ਦੀ ਤਲਾਸ਼ੀ ਲੈਣ 'ਤੇ ਉਸ ਵਿੱਚ ਰੱਖੇ ਇਕ ਗੱਟੇ 'ਚੋਂ 42 ਪੈਕੇਟਾਂ ਵਿੱਚ ਪੈਕ ਕੀਤੀ 47 ਕਿੱਲੋ 332 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਕਾਰ ਦੇ ਡੈਸ਼ਬੋਰਡ ਵਿੱਚ ਰੱਖੇ ਇੱਕ ਲਿਫ਼ਾਫ਼ੇ 'ਚੋਂ ਤਿੰਨ ਵਿਦੇਸ਼ੀ .30 ਬੋਰ ਪਿਸਤੌਲ, ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਾਦਿਕ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੀ ਸਪਲਾਈ ਨਾਲ ਜੁੜੇ ਅਗਲੇ-ਪਿਛਲੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।