ਫਿਰੋਜ਼ਪੁਰ : ਫਿਰੋਜ਼ਪੁਰ ਵਿਚ ਕਈ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ ਹੈ। ਧਮਕੀ ਭਰਿਆ ਈ-ਮੇਲ ਮਿਲਣ ਤੋਂ ਬਾਅਦ ਪੁਲਸ ਦੀਆਂ ਟੀਮਾਂ ਨੇ ਵੱਖ-ਵੱਖ ਸਕੂਲਾਂ ਵਿਚ ਪਹੁੰਚ ਕੇ ਚੱਪੇ-ਚੱਪੇ ਦੀ ਗੰਭੀਰਤਾ ਨਾਲ ਤਲਾਸ਼ੀ ਲਈ। ਇਨ੍ਹਾਂ ਸਕੂਲਾਂ ਵਿਚ ਸਕੂਲ ਆਫ਼ ਐਮੀਨੈਂਸ, ਸਰਕਾਰੀ ਬੁਆਏਜ਼ ਸਕੂਲ ਅਤੇ ਹੋਰ ਕਈ ਪ੍ਰਮੁੱਖ ਸਕੂਲ ਸ਼ਾਮਲ ਹਨ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਆਪ੍ਰੇਸ਼ਨ ਦਲਬੀਰ ਸਿੰਘ ਨੇ ਦੱਸਿਆ ਕਿ ਸਾਰੇ ਸਬੰਧਤ ਸਕੂਲਾਂ ਵਿਚ ਪੁਲਸ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਈ-ਮੇਲ ਭੇਜਣ ਵਾਲੇ ਅਣਪਛਾਤੇ ਵਿਅਕਤੀ ਦੀ ਪਛਾਣ ਕਰਨ ਲਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਅਤੇ ਸਾਈਬਰ ਸੈੱਲ ਜਾਂਚ ਵਿਚ ਜੁਟੇ ਹੋਏ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਈ-ਮੇਲ ਭੇਜਣ ਵਾਲੇ ਤੱਕ ਜਲਦ ਤੋਂ ਜਲਦ ਪਹੁੰਚਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।