ਗੁਰਦਾਸਪੁਰ : ਪਹਾੜੀ ਖੇਤਰਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਤੇ ਵਧੇ ਪੱਧਰ ਨੂੰ ਦੇਖਦਿਆਂ ਮਕੌੜਾ ਪੱਤਣ ਤੋਂ ਚੱਲਣ ਵਾਲੀ ਕਿਸ਼ਤੀ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਰਾਵੀ ਦਰਿਆ ਦੇ ਪਾਰ ਵੱਸਦੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦਾ ਮੁੱਖ ਇਲਾਕੇ ਨਾਲੋਂ ਸੰਪਰਕ ਟੁੱਟ ਗਿਆ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਕੌੜਾ ਪੱਤਣ ਰਾਹੀਂ ਰੋਜ਼ਾਨਾ ਲੋਕ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਆਪਣੇ ਕੰਮਾਂ ਲਈ ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਂਦੇ-ਜਾਂਦੇ ਹਨ। ਇਨ੍ਹਾਂ ਪਿੰਡਾਂ ਦੇ ਵਿਦਿਆਰਥੀ, ਕਿਸਾਨ, ਮਜ਼ਦੂਰ ਅਤੇ ਹੋਰ ਲੋਕ ਵੀ ਆਪਣੀਆਂ ਜ਼ਰੂਰੀ ਲੋੜਾਂ ਲਈ ਇਸ ਕਿਸ਼ਤੀ ਸੇਵਾ ’ਤੇ ਨਿਰਭਰ ਹਨ। ਪਾਣੀ ਵਧਣ ਕਾਰਨ ਕਿਸ਼ਤੀ ਚਲਾਉਣਾ ਖਤਰਨਾਕ ਹੈ ਜਿਸ ਕਾਰਨ ਸੇਵਾ ਰੋਕ ਦਿੱਤੀ ਗਈ ਹੈ।
ਕਿਸ਼ਤੀ ਸੇਵਾ ਬੰਦ ਹੋਣ ਨਾਲ ਪਾਰਲੇ ਪਾਸੇ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਖਾਸ ਕਰਕੇ ਐਮਰਜੈਂਸੀ ਸਥਿਤੀ ਵਿੱਚ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣਾ ਵੱਡੀ ਚੁਣੌਤੀ ਬਣ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਰਿਆ ਦੇ ਪਾਣੀ ਦੇ ਪੱਧਰ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ।
ਇਸ ਤੋਂ ਇਲਾਵਾ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਣੀ ਦਾ ਪੱਧਰ ਆਮ ਨਹੀਂ ਹੁੰਦਾ, ਉਦੋਂ ਤੱਕ ਕਿਸ਼ਤੀ ਸੇਵਾ ਸ਼ੁਰੂ ਕਰਨਾ ਖਤਰੇ ਤੋਂ ਖਾਲੀ ਨਹੀਂ। ਉਨ੍ਹਾਂ ਮੰਗ ਕੀਤੀ ਕਿ ਪਾਰਲੇ ਪਾਸੇ ਦੇ ਪਿੰਡਾਂ ਲਈ ਲੋੜ ਪੈਣ ’ਤੇ ਪ੍ਰਸ਼ਾਸਨ ਵੱਲੋਂ ਬਦਲਵੇਂ ਆਵਾਜਾਈ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਪਰੇਸ਼ਾਨੀ ਨਾ ਝੱਲਣੀ ਪਵੇ।