ਲੁਧਿਆਣਾ : ਪ੍ਰਾਈਵੇਟ ਕੰਪਨੀ ਨਾਲ ਸਬੰਧਤ ਬਿਜਲੀ ਮੁਲਾਜ਼ਮ ਅਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਸੀ.ਐੱਚ.ਬੀ. ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀਆਂ ਵੱਖ-ਵੱਖ ਡਵੀਜ਼ਨਾਂ ਦੇ ਮੁੱਖ ਗੇਟ 'ਤੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਲਈ ਕਰਮਚਾਰੀਆਂ ਵੱਲੋਂ ਪੂਰੇ ਪੰਜਾਬ ਵਿਚ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੇ ਅੰਦੋਲਨ ਨੂੰ ਲੈ ਕੇ ਅਗਲੀ ਰਣਨੀਤੀ ਅਪਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ 'ਤੇ ਕੰਮ ਕਰ ਰਹੇ ਅਮਨਪ੍ਰੀਤ ਸਿੰਘ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਤੇ ਹਾਦਸੇ ਮਗਰੋਂ ਪਾਵਰਕਾਮ ਵਿਭਾਗ ਵੱਲੋਂ ਕਿਸੇ ਵੀ ਅਧਿਕਾਰੀ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸਾਰ ਨਹੀਂ ਲਈ।
ਉਨ੍ਹਾਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਸਮੇਤ ਬਜ਼ੁਰਗ ਮਾਪਿਆਂ ਦੀ ਪੈਨਸ਼ਨ ਲਗਾਈ ਜਾਵੇ ਤੇ ਜੇਕਰ ਛੇਤੀ ਹੀ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ਼ ਇੰਜੀਨੀਅਰ ਦੇ ਦਫ਼ਤਰ ਨੂੰ ਘੇਰਣ ਸਮੇਤ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।