ਲੁਧਿਆਣਾ : ਨੈਸ਼ਨਲ ਹਾਈਵੇਅ ਉੱਪਰ ਇਕ ਵੱਡਾ ਹਾਦਸਾ ਹੋ ਜਾਣ ਕਾਰਨ ਭਾਰੀ ਜਾਮ ਲੱਗ ਗਿਆ। ਇਸ ਕਾਰਨ ਹਾਈਵੇਅ 'ਤੇ ਗੱਡੀਆਂ ਦੀਆਂ ਤਕਰੀਬਨ 5 ਕਿੱਲੋਮੀਟਰ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਲੋਕ ਖੱਜਲ-ਖ਼ੁਆਰ ਹੁੰਦੇ ਰਹੇ।
ਮੌਕੇ 'ਤੇ ਲੋਕਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਟਿੱਪਰ ਚਾਲਕ ਲੁਧਿਆਣਾ ਵੱਲੋਂ ਆਪਣੇ ਟਿੱਪਰ ਦਾ ਪਿਛਲਾ ਹਿੱਸਾ ਖੋਲ੍ਹੇ ਹੋਏ ਜਲੰਧਰ ਵੱਲ ਜਾ ਰਿਹਾ ਸੀ ਤੇ ਇਸੇ ਦੌਰਾਨ ਜਦੋਂ ਹਾਰਡੀਜ਼ ਵਰਲਡ ਨੈਸ਼ਨਲ ਹਾਈਵੇਅ 'ਤੇ ਪਹੁੰਚਿਆ ਤਾਂ ਹਾਈਵੇਅ 'ਤੇ ਲੱਗੇ ਸਾਈਨ ਬੋਰਡ ਵਿਚ ਟਿੱਪਰ ਦਾ ਪਿਛਲਾ ਹਿੱਸਾ ਫੱਸ ਗਿਆ, ਜਿਸ ਕਾਰਨ ਸਾਈਨ ਬੋਰਡ ਟੁੱਟ ਕੇ ਹਾਈਵੇਅ 'ਤੇ ਜਾ ਡਿੱਗਿਆ।
ਇਸ ਦੌਰਾਨ ਹਾਈਵੇਅ ਤੋਂ ਲੰਘ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਉੱਪਰ ਸਾਈਨ ਬੋਰਡ ਜਾ ਡਿੱਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਹੋਣ ਮਗਰੋਂ ਹਾਈਵੇਅ 'ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।