ਦੀਨਾਨਗਰ : ਜਿੱਥੇ ਪਿਛਲੇ ਦਿਨੀਂ ਪਹਾੜਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਵੱਧ ਗਿਆ ਸੀ। ਇਸ ਦੌਰਾਨ ਹੁਣ ਮੁੜ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੱਜ ਫਿਰ 2 ਲੱਖ 70 ਕਿਊਸਿਕ ਪਾਣੀ ਰਾਵੀ ਦਰਿਆ 'ਚ ਛੱਡਿਆ ਗਿਆ, ਜਿਸ ਕਾਰਨ ਪਾਣੀ ਪੱਧਰ ਕਾਫੀ ਵੱਧ ਗਿਆ ਹੈ।
ਇਸ ਦਰਮਿਆਨ ਕੁਝ ਪਿੰਡਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ । ਜਾਣਕਾਰੀ ਮੁਤਾਬਕ ਪਾਰਲੇ ਪਾਸੇ ਵੱਸੇ 7 ਪਿੰਡਾਂ ਨੂੰ ਜਾਣ ਆਉਣ ਦੀ ਕਿਸ਼ਤੀ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਸੀ ਅਤੇ ਪਾਣੀ ਨੇੜਲੇ ਖੇਤਾਂ 'ਚ ਵੀ ਪਹੁੰਚ ਗਿਆ ਹੈ। ਜਿਸ ਕਾਰਨ 7 ਪਿੰਡਾਂ ਦਾ ਲਿੰਕ ਟੁੱਟ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਨੇੜਲੇ ਪਿੰਡਾਂ ਦੇ ਸਰਪੰਚਾਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦੇ ਨੇੜਲੇ ਇਕੱਲੇ 'ਚ ਜੋ ਗੁੱਜਰ ਭਾਈਚਾਰੇ ਦੇ ਡੇਰੇ ਤੇ ਲੋਕਾਂ ਦੇ ਡੇਰੇ ਹਨ ਉਹ ਆਪਣੇ ਡੇਰਿਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚ ਜਾਣ ਕਿਉਂਕਿ ਪਾਣੀ ਦਾ ਪੱਧਰ ਅਜੇ ਕਾਫੀ ਹੱਦ ਤੱਕ ਵੱਧ ਸਕਦਾ ਹੈ।
ਉਧਰ ਇਸ ਸਬੰਧੀ ਜਦ ਐਸਡੀਐਮ ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੱਛੇ ਮੁੜ ਪਾਣੀ ਦਾ ਪੱਧਰ ਵੱਧਣ ਕਾਰਨ ਅੱਜ ਦਰਿਆ 'ਚ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਦਰਿਆ ਦੇ ਨੇੜਲੇ ਇਲਾਕਿਆਂ 'ਚ ਅਲਰਟ ਕਰ ਦਿੱਤਾ ਗਿਆ ਹੈ ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਕਿਸੇ ਕੰਮਕਾਰ ਦੇ ਦਰਿਆ ਵਾਲੀ ਸਾਈਡ ਵੱਲ ਨਾ ਜਾਣ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ 'ਤੇ ਪਲ ਪਲ ਦੀ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਨੇ ਸਾਰੇ ਅਗਾਹੂ ਪ੍ਰਬੰਧ ਕੀਤੇ ਹੋਏ ਹਨ ਅਤੇ ਲੋਕਾਂ ਦੇ ਰਹਿਣ ਵਾਸਤੇ ਕੈਂਪਾਂ ਦਾ ਵੀ ਪ੍ਰਬੰਧ ਪੂਰੀ ਤਰ੍ਹਾਂ ਨਾਲ ਤਿਆਰ ਹੈ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨੀ ਮਾਲੀ ਦੀ ਰਾਖੀ ਨੂੰ ਮੁੱਖ ਰੱਖਦੇ ਹੋਏ ਹਰ ਤਰ੍ਹਾਂ ਦੀ ਲੋੜਵੰਦ ਟੀਮਾਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਹੋਏ ਹਨ ਜੋ ਕਿ ਦਰਿਆ ਨੇੜਲੇ ਖੇਤਰਾਂ ਵਿੱਚ ਆਪਣੀ ਪੂਰੀ ਤਰਾਂ ਨਾਲ ਨਿਗਰਾਨੀ ਕਰਨਗੇ ਅਤੇ ਲੋਕਾਂ ਨਾਲ ਤਾਲਮੇਲ ਰੱਖਣਗੇ।