ਕੁਰਾਲੀ/ ਖਰੜ (ਪ੍ਰੀਤ ਪੱਤੀ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਓਇੰਦ (ਰੋਪੜ) ਵਿਖੇ ਸ੍ਰੀ ਗੁੱਗਾ ਜਾਹਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਖੇਡ ਮੇਲੇ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਜਨਰਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਵੱਲੋਂ ਆਪਣੇ ਸਾਥੀਆਂ ਸਮੇਤ ਜਾਰੀ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਦੱਸਿਆ ਕਿ ਪਿੰਡ ਓਇੰਦ ਦੇ ਨੌਜਵਾਨਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਖੇਡ ਮੇਲੇ ਦੌਰਾਨ ਕਬੱਡੀ, ਕੁਸ਼ਤੀ ਦੰਗਲ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਖੇਡ ਮੇਲਾ 4, 5 ਅਤੇ 6 ਸਤੰਬਰ ਨੂੰ ਕਰਵਾਇਆ ਜਾਵੇਗਾ। ਖੇਡ ਮੇਲੇ ਦੌਰਾਨ 4 ਸਤੰਬਰ ਨੂੰ ਪ੍ਰਸਿੱਧ ਦੁਗਾਣਾ ਜੋੜੀ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਕਰਵਾਇਆ ਜਾਵੇਗਾ।ਜਿਸ ਵਿੱਚ ਕਲਾਕਾਰਾਂ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। 5 ਸਤੰਬਰ ਨੂੰ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ 65 ਕਿਲੋ, 55 ਕਿਲੋ ਅਤੇ 45 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ, ਜਿਨ੍ਹਾਂ ਲਈ ਵੱਖ-ਵੱਖ ਨਕਦ ਇਨਾਮ ਰੱਖੇ ਗਏ ਹਨ।ਇਸੇ ਤਰ੍ਹਾਂ 6 ਸਤੰਬਰ ਨੂੰ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਕੁਸ਼ਤੀ ਦੰਗਲ ਦੌਰਾਨ ਜੇਤੂ ਪਹਿਲਵਾਨ ਨੂੰ 2.5 ਲੱਖ ਰੁਪਏ ਅਤੇ ਝੰਡੀ ਦੀ ਕੁਸ਼ਤੀ ਜਿੱਤਣ ਵਾਲੇ ਪਹਿਲਵਾਨ ਨੂੰ ਰਹਿਣ ਵਾਲੇ ਪਹਿਲਵਾਨ ਨੂੰ 1 ਲੱਖ ਰੁਪਏ ਨਾਗਦ ਅਤੇ ਇੱਕ ਚ ਝੋਟੀ ਇਨਾਮ ਦੇ ਰੂਪ ਵਿੱਚ ਦਿੱਤੀ ਜਾਵੇਗੀ।ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਇਸ ਖੇਡ ਮੇਲੇ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੀ ਮਨੋਰਥ ਨਹੀਂ, ਸਗੋਂ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਾ ਕੇ ਕਾਮਯਾਬੀ ਦੇ ਝੰਡੇ ਗੱਡਦੇ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਦੇ ਦੇਖਣਾ ਵੀ ਉਨ੍ਹਾਂ ਦੀ ਇੱਛਾ ਹੈ।ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨਾਲ ਸਬੰਧਤ ਖਿਡਾਰੀਆਂ ਦੀ ਵਿਸ਼ੇਸ਼ ਤੌਰ ’ਤੇ ਮਦਦ ਕਰਨ ਲਈ ਵੀ ਯਤਨ ਕੀਤੇ ਜਾਣਗੇ, ਤਾਂ ਜੋ ਕਿਸੇ ਵੀ ਹੋਣਹਾਰ ਖਿਡਾਰੀ ਦੀ ਆਰਥਿਕ ਮਜਬੂਰੀ ਉਸ ਦੀ ਖੇਡ ਪ੍ਰਤਿਭਾ ਦੇ ਰਾਹ ਵਿੱਚ ਰੁਕਾਵਟ ਨਾ ਬਣੇ। ਇਸ ਮੌਕੇ ਉਨ੍ਹਾਂ ਨੇ ਖੇਡ ਮੇਲੇ ਦੇ ਪ੍ਰਬੰਧਕਾਂ ਅਤੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ।ਇਸ ਮੌਕੇ ਹੇਮਰਾਜ ਵਰਮਾ ਵਾਈਸ ਚੇਅਰਮੈਨ ਓਬੀਸੀ ਸੈੱਲ ਕਾਂਗਰਸ, ਜਸਕਰਨ ਸਿੰਘ, ਅਮਨਵੀਰ ਸਿੰਘ ਰੋਕੀ, ਹੈਪੀ ਚਹਿਲ, ਮਨੀ ਢਿੱਲੋਂ, ਅਮਨ ਲੰਬਰਦਾਰ, ਗੋਲੀ ਮੋਰਿੰਡਾ ਸਮੇਤ ਹੋਰ ਨੌਜਵਾਨ ਹਾਜ਼ਰ ਸਨ।