ਖਰੜ - ਪ੍ਰੀਤ ਪੱਤੀ : ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਵੱਲੋਂ ਖਰੜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਰੀਬ 73 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਕਾਰਜਾਂ ਤਹਿਤ ਵਾਰਡ ਨੰਬਰ 13, 14 ਅਤੇ ਵਾਰਡ ਨੰਬਰ 20 ਦੀ ਰਾਮ ਬਾਗ ਰੋਡ ’ਤੇ ਸੜਕਾਂ, ਪੇਵਰ ਬਲਾਕ ਅਤੇ ਸਟਾਰਮ ਵਾਟਰ ਨਿਕਾਸੀ ਪ੍ਰਬੰਧਾਂ ਨੂੰ ਸੁਧਾਰਿਆ ਜਾਵੇਗਾ।
ਵਾਰਡ ਨੰਬਰ 13 ਵਿੱਚ ਸੜਕ ਦੀ ਰੀ-ਲੇਇੰਗ ਅਤੇ ਮਾਰਕੀਟ ਵਿੱਚ ਨਵੇਂ ਪੇਵਰ ਬਲਾਕ ਲਗਾਉਣ ਦਾ ਕੰਮ ਕੀਤਾ ਜਾਵੇਗਾ। ਵਾਰਡ ਨੰਬਰ 14 ਵਿੱਚ ਨਵੀਂ ਵਾਟਰ ਸਪਲਾਈ ਪਾਈਪ ਲਾਈਨ, ਸਟਾਰਮ ਵਾਟਰ ਪਾਈਪਾਂ ਅਤੇ ਪੇਵਰ ਬਲਾਕ ਲਗਾਉਣ ਦੇ ਕਾਰਜ ਕੀਤੇ ਜਾਣਗੇ।
ਇਸੇ ਤਰ੍ਹਾਂ ਵਾਰਡ ਨੰਬਰ 20 ਦੀ ਰਾਮ ਬਾਗ ਰੋਡ ’ਤੇ ਨਵੀਂ ਸਟਾਰਮ ਵਾਟਰ ਪਾਈਪ ਲਾਈਨ, ਸੜਕ ਦੀ ਰੀ-ਲੇਇੰਗ ਅਤੇ ਲੋੜ ਅਨੁਸਾਰ ਨਵੇਂ ਪੇਵਰ ਬਲਾਕ ਲਗਾਉਣ ਦਾ ਕੰਮ ਕੀਤਾ ਜਾਵੇਗਾ। ਰਾਮ ਬਾਗ ਰੋਡ ’ਤੇ ਜਿੱਥੇ ਵੀ ਮੁਰੰਮਤ ਦੀ ਲੋੜ ਹੋਵੇਗੀ, ਉੱਥੇ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ, ਤਾਂ ਜੋ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।
ਇਸ ਮੌਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੀ ਖੁਸ਼ੀ ਵਿੱਚ ਮਠਿਆਈਆਂ ਵੀ ਵੰਡੀਆਂ ਗਈਆਂ। ਸ.ਪਰਮਿੰਦਰ ਸਿੰਘ ਗੋਲਡੀ ਨੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨਾ ਹੋਵੇ।
ਇਸ ਮੌਕੇ ਕਾਰਜ ਸਾਧਕ ਅਧਿਕਾਰੀ ਅਸ਼ੋਕ ਪਥਰੀਆ ਸਮੇਤ ਨਗਰ ਕੌਂਸਲ ਦਾ ਦਫ਼ਤਰੀ ਸਟਾਫ਼, ਬਲਾਕ ਸਮਿਤੀ ਦੇ ਚੇਅਰਮੈਨ ਰਘੁਬੀਰ ਸਿੰਘ ਮੋਦੀ, ਗੁਰਸ਼ਰਨ ਸਿੰਘ (ਸੰਗਠਨ ਇੰਚਾਰਜ), ਰਾਮ ਸਰੂਪ, ਮੀਡੀਆ ਇੰਚਾਰਜ ਬਲਜੀਤ ਸਿੰਘ, ਰਾਜਵੀਰ ਸਿੰਘ ਰਾਜੀ, ਜੁਝਾਰ ਸਿੰਘ (ਬਲਾਕ ਪ੍ਰਧਾਨ), ਪ੍ਰਿੰਸ ਧਾਲੀਵਾਲ, ਮੋਹਨ ਸਿੰਘ ਤੋਂ ਇਲਾਵਾ ਪਾਰਟੀ ਆਗੂ, ਵਲੰਟੀਅਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਜੂਦ ਰਹੇ।