ਖਰੜ (ਪ੍ਰੀਤ ਪੱਤੀ) : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਅੱਜ ਮੰਗਲਵਾਰ ਨੂੰ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕਰਕੇ 10 ਸਤੰਬਰ ਨੂੰ ਖਰੜ ਵਿਖੇ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ 'ਪੰਜਾਬ ਬਚਾਓ ਰੈਲੀ' ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਰੈਲੀ 10 ਸਤੰਬਰ ਨੂੰ ਸਵੇਰੇ 11 ਵਜੇ ਪਿੰਡ ਪਲਹੇੜੀ, ਨਿਊ ਚੰਡੀਗੜ੍ਹ (ਪੀ.ਆਰ.-7, ਏਅਰਪੋਰਟ ਰੋਡ, ਸਨਟੇਕ ਸਿਟੀ ਦੇ ਸਾਹਮਣੇ) ਵਿਖੇ ਹੋਵੇਗੀ।
ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਸ਼ਮੂਲੀਅਤ ਕਰਕੇ ਮੌਜੂਦਾ 'ਆਪ' ਸਰਕਾਰ ਦੀਆਂ ਧੱਕੇਸ਼ਾਹੀਆਂ, ਵਧੀਕੀਆਂ ਅਤੇ ਮਾੜੇ ਸ਼ਾਸਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ।
ਖੇੜਾ ਨੇ ਦੱਸਿਆ ਕਿ 10 ਸਤੰਬਰ ਦੀ ਇਸ ਵਿਸ਼ਾਲ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ। ਮੌਜੂਦਾ 'ਆਪ' ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਖਰੜ ਨੂੰ ਵਿਕਾਸ ਦੇ ਮਾਮਲੇ 'ਚ ਕਈ ਸਾਲ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ 'ਆਪ' ਸਰਕਾਰ ਨੇ ਹੁਣ ਪਰਮਿੰਦਰ ਸਿੰਘ ਗੋਲਡੀ ਨੂੰ ਖਰੜ ਦਾ ਹਲਕਾ ਇੰਚਾਰਜ ਬਣਾ ਦਿੱਤਾ ਹੈ, ਪਰ ਸਿਰਫ਼ ਚਿਹਰਾ ਬਦਲਣ ਨਾਲ ਸਰਕਾਰ ਲੋਕਾਂ ਨਾਲ ਕੀਤੇ ਧੱਕਿਆਂ ਅਤੇ ਵਧੀਕੀਆਂ ਤੋਂ ਬਚ ਨਹੀਂ ਸਕਦੀ। ਖੇੜਾ ਨੇ ਕਿਹਾ ਕਿ ਗੋਲਡੀ ਨੂੰ ਵੀ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਅਤੇ ਦੱਸਣਾ ਪਵੇਗਾ ਕਿ ਪਿਛਲੇ ਪੰਜ ਸਾਲਾਂ ਵਿੱਚ ਖਰੜ ਦਾ ਵਿਕਾਸ ਕਿਉਂ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਖਰੜ ਸ਼ਹਿਰ ਦੇ ਅਹਿਮ ਮੁੱਦੇ ਜ਼ੋਰ-ਸ਼ੋਰ ਨਾਲ ਚੁੱਕੇ ਜਾਣਗੇ, ਜਿਨ੍ਹਾਂ ਵਿੱਚ ਕੁਰਾਲੀ ਦਾ 40 ਸਾਲ ਪੁਰਾਣਾ ਹਸਪਤਾਲ ਪ੍ਰਮੁੱਖ ਹੈ, ਜਿਸ ਦੀ ਇਮਾਰਤ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਅਤੇ ਜਿੱਥੇ ਨਾ ਤਾਂ ਡਾਕਟਰ ਹਨ ਅਤੇ ਨਾ ਹੀ ਲੋੜੀਂਦਾ ਸਟਾਫ਼। ਇਸ ਤੋਂ ਇਲਾਵਾ ਬਿਜਲੀ ਦੀਆਂ ਖ਼ਤਰਨਾਕ ਤਾਰਾਂ; ਸ਼ਿਵਾਲਿਕ ਸਿਟੀ, ਸ਼ਿਵਜੋਤ ਕਲੋਨੀ, ਛੱਜੂਮਾਜਰਾ ਕਲੋਨੀ ਅਤੇ ਸੰਤੇਮਾਜਰਾ ਵਿੱਚ ਸੀਵਰੇਜ ਦੀ ਸਮੱਸਿਆ; ਸਨੈਚਿੰਗ, ਅਪਰਾਧ ਅਤੇ ਨਸ਼ਿਆਂ ਦਾ ਪਸਾਰ; ਪੁਲਿਸ ਬੁਨਿਆਦੀ ਢਾਂਚੇ ਦੀ ਘਾਟ; ਸਾਫ਼ ਪੀਣ ਵਾਲੇ ਪਾਣੀ ਦੀ ਅਣਹੋਂਦ; ਪਿੰਡਾਂ ਵਿੱਚ ਬੰਦ ਪਏ ਕਮਿਊਨਿਟੀ ਹਾਲ; ਹਲਕੇ ਵਿੱਚ ਟੁੱਟੀਆਂ ਸੜਕਾਂ ਅਤੇ ਜਨਤਕ ਪਖਾਨਿਆਂ ਦੀ ਘਾਟ ਵਰਗੇ ਗੰਭੀਰ ਮੁੱਦੇ ਵੀ ਪ੍ਰਮੁੱਖਤਾ ਨਾਲ ਉਠਾਏ ਜਾਣਗੇ।
ਖੇੜਾ ਨੇ ਕਿਹਾ ਕਿ ਸਰਕਾਰ ਨੇ ਸਕੂਲਾਂ ਅਤੇ ਸਿਹਤ ਸਹੂਲਤਾਂ ਨੂੰ ਬਿਲਕੁਲ ਹੀ ਦਰਕਿਨਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋਗੀਆਂ ਵਾਲਾ ਮੁਹੱਲਾ, ਗ੍ਰੀਨ ਵੈਲੀ, ਛੱਜੂਮਾਜਰਾ ਕਲੋਨੀ ਅਤੇ ਸੰਤੇਮਾਜਰਾ ਵਿੱਚ ਸਕੂਲਾਂ ਅਤੇ ਸਿਹਤ ਸੇਵਾਵਾਂ ਦਾ ਨਾ ਤਾਂ ਵਿਸਥਾਰ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਅੱਪਗ੍ਰੇਡੇਸ਼ਨ ਹੋਈ ਹੈ।
ਖੇੜਾ ਨੇ ਯਾਦ ਕਰਵਾਇਆ ਕਿ ਜਦੋਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਤਾਂ ਸ. ਸੁਖਬੀਰ ਸਿੰਘ ਬਾਦਲ ਦੇ ਦੂਰਅੰਦੇਸ਼ੀ ਵਿਜ਼ਨ ਸਦਕਾ 300 ਕਰੋੜ ਰੁਪਏ ਦੀ ਲਾਗਤ ਨਾਲ ਨਿਊ ਚੰਡੀਗੜ੍ਹ ਵਿਖੇ ਸੜਕਾਂ, ਸੀਵਰੇਜ, ਸਟ੍ਰੀਟ ਲਾਈਟਾਂ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਨ, ਜਿਸ ਨਾਲ ਸੂਬੇ ਲਈ 50 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਪੈਦਾ ਹੋਇਆ ਅਤੇ ਜ਼ਮੀਨਾਂ ਦੀਆਂ ਕੀਮਤਾਂ ਵਧਣ ਨਾਲ ਸਥਾਨਕ ਲੋਕਾਂ ਦੀ ਆਰਥਿਕ ਹਾਲਤ ਵਿੱਚ ਵੱਡੀ ਤਬਦੀਲੀ ਆਈ।
ਪਰ ਪਿਛਲੇ 10 ਸਾਲਾਂ ਵਿੱਚ 'ਆਪ' ਸਰਕਾਰ ਨੇ ਖਰੜ ਸ਼ਹਿਰ ਲਈ ਕੁਝ ਵੀ ਨਹੀਂ ਕੀਤਾ। ਖੇੜਾ ਨੇ ਕਿਹਾ ਕਿ ਪਹਿਲਾਂ ਕੰਵਰ ਸੰਧੂ 5 ਸਾਲ ਖਰੜ ਸ਼ਹਿਰ ਵਿੱਚ ਸੱਤਾ ਭੋਗ ਕੇ ਗਏ ਅਤੇ ਖੁੱਲ੍ਹੀ ਐਸ਼ ਕੀਤੀ, ਜਦਕਿ ਹੁਣ ਅਨਮੋਲ ਗਗਨ ਮਾਨ ਦੇ ਦੌਰਾਨ ਪਿਛਲੇ 5 ਸਾਲਾਂ ਵਿੱਚ ਖਰੜ ਸ਼ਹਿਰ ਵਿੱਚ ਰਿਸ਼ਵਤਖੋਰੀ ਦਾ ਬੋਲਬਾਲਾ ਹੋਰ ਵਧਿਆ ਹੈ।
ਖੇੜਾ ਨੇ ਕਿਹਾ ਕਿ ਇਸ ਲਈ ਅੱਜ ਬਹੁਤ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਅਤੇ 2027 ਵਿੱਚ ਅਕਾਲੀ ਸਰਕਾਰ ਬਣਾਈ ਜਾਵੇ, ਤਾਂ ਜੋ ਪੰਜਾਬ ਮੁੜ ਤਰੱਕੀ ਦੀ ਲੀਹ 'ਤੇ ਚੜ੍ਹ ਸਕੇ।
ਖੇੜਾ ਨੇ ਦਾਅਵਾ ਕੀਤਾ ਕਿ ਇਹ ਰੈਲੀ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਅਤੇ ਇਤਿਹਾਸਕ ਰੈਲੀ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਰਾਹੀਂ ਮੌਜੂਦਾ ਸਰਕਾਰ ਖ਼ਿਲਾਫ਼ ਬਿਗੁਲ ਵਜਾ ਕੇ ਇਹ ਸਪੱਸ਼ਟ ਸੰਦੇਸ਼ ਦਿੱਤਾ ਜਾਵੇਗਾ ਕਿ ਨਾ ਤਾਂ ਖਰੜ ਸ਼ਹਿਰ ਅਤੇ ਨਾ ਹੀ ਪੂਰਾ ਪੰਜਾਬ 'ਆਪ' ਸਰਕਾਰ ਦੀ ਧੱਕੇਸ਼ਾਹੀ ਤੋਂ ਡਰਨ ਵਾਲਾ ਹੈ, ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੂਬੇ ਵਿੱਚ ਵਿਕਾਸ ਨੂੰ ਮੁੜ ਲੀਹ 'ਤੇ ਲਿਆਂਦਾ ਜਾਵੇਗਾ।
ਇਸ ਮੌਕੇ ਪਟਵਾਰੀ ਬਲਵਿੰਦਰ ਸਿੰਘ, ਹਰਸਿਮਰਨ ਸਿੰਘ ਬਿੰਨੀ, ਮਾਨ ਸਿੰਘ ਸੈਣੀ, ਹਰਜਿੰਦਰ ਸਿੰਘ ਬਲੌਂਗੀ, ਹਰਬੰਸ ਸਿੰਘ ਸਿੱਧੂ, ਲਖਵਿੰਦਰ ਸਿੰਘ ਸੇਖੋਂ, ਜਰਨੈਲ ਸਿੰਘ ਦਰਪਣ, ਵਿਕਰਮ ਸਿੰਘ ਗਰੇਵਾਲ, ਜਸਪ੍ਰੀਤ ਸਿੰਘ ਜੱਸਾ, ਅਮਨਪ੍ਰੀਤ ਸਿੰਘ ਅੰਮੂ, ਮਲਕੀਤ ਸਿੰਘ, ਜੇ ਈ ਸਵਰਨਜੀਤ ਸਿੰਘ ਹਾਜ਼ਰ ਸਨ