ਕੇਪ ਕੈਨਾਵੇਰਲ : ਨਾਸਾ ਦੀ ਸਭ ਤੋਂ ਨਵੀਂ ਅਤੇ ਅਤਿ-ਆਧੁਨਿਕ ਪੁਲਾੜ ਦੂਰਬੀਨ ਐਤਵਾਰ ਨੂੰ ਪੁਲਾੜ ਲਈ ਰਵਾਨਾ ਹੋ ਗਈ। ਇਸ ਦਾ ਉਦੇਸ਼ ਦੂਜੇ ਤਾਰਿਆਂ ਦੇ ਆਸ-ਪਾਸ ਮੌਜੂਦ ਗ੍ਰਹਿਆਂ ਦੀ ਖੋਜ ਕਰਨਾ, ਰਹੱਸਮਈ ‘ਡਾਰਕ ਐਨਰਜੀ’ ਦਾ ਅਧਿਐਨ ਕਰਨਾ ਅਤੇ ਬ੍ਰਹਿਮੰਡ ਦਾ ਹੁਣ ਤੱਕ ਦਾ ਸਭ ਤੋਂ ਵਿਆਪਕ ਸਰਵੇਖਣ ਕਰਨਾ ਹੈ।
‘ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ’ਚ ਵਿਗਿਆਨ ਮਿਸ਼ਨ ਨਿਰਦੇਸ਼ਕ ਨਿੱਕੀ ਫੌਕਸ ਨੇ ਕਿਹਾ, ‘‘ਇਹ ਦੂਰਬੀਨ ਹਜ਼ਾਰਾਂ ਸੁਪਰਨੋਵਾ, ਗ੍ਰਹਿਆਂ, ਅਰਬਾਂ ਆਕਾਸ਼ਗੰਗਾਵਾਂ ਅਤੇ ਖਰਬਾਂ ਤਾਰਿਆਂ ਦੀ ਖੋਜ ਕਰਨ ’ਚ ਸਮਰੱਥ ਹੋਵੇਗੀ। ਆਪਣੇ ਵਿਸ਼ਾਲ ਦ੍ਰਿਸ਼ ਖੇਤਰ ਕਾਰਨ ਇਹ ਅਜਿਹੇ ਕੰਮ ਕਰ ਸਕੇਗੀ ਜੋ ਅਸੀਂ ਪਹਿਲਾਂ ਕਦੇ ਨਹੀਂ ਕਰ ਸਕੇ।’’ ਸਪੇਸਐਕਸ ਨੇ ਕੈਨੇਡੀ ਸਪੇਸ ਸੈਂਟਰ ਤੋਂ ਸਵੇਰੇ 4.3 ਅਰਬ ਡਾਲਰ ਦੀ ਲਾਗਤ ਵਾਲੇ ‘ਰੋਮਨ ਸਪੇਸ ਟੈਲੀਸਕੋਪ’ ਨੂੰ ਬਹੁਤ ਸ਼ਕਤੀਸ਼ਾਲੀ ਫਾਲਕਨ ਹੈਵੀ ਰੌਕਿਟ ਰਾਹੀਂ ਲਾਂਚ ਕੀਤਾ।
ਇਹ ਦੂਰਬੀਨ 16 ਲੱਖ ਕਿਲੋਮੀਟਰ ਦੂਰ ਉਸ ਥਾਂ ਲਈ ਰਵਾਨਾ ਹੋਈ, ਜਿਥੇ ਨਾਸਾ ਦੀ ਇਕ ਹੋਰ ਮੁੱਖ ਪੁਲਾੜ ਦੂਰਬੀਨ ‘ਜੇਮਜ਼ ਵੈੱਬ ਸਪੇਸ ਟੈਲੀਸਕੋਪ’ ਪਹਿਲਾਂ ਤੋਂ ਮੌਜੂਦ ਹੈ। ਬੱਸ ਦੇ ਆਕਾਰ ਵਾਲੀ ਇਸ ਦੂਰਬੀਨ ਦਾ ਨਾਂ ਨਾਸਾ ਦੀ ਪਹਿਲੀ ਮੁੱਖ ਖਗੋਲ-ਵਿਗਿਆਨੀ ਸਵਰਗੀ ਨੈਂਸੀ ਗ੍ਰੇਸ ਰੋਮਨ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਨੂੰ ਆਪਣੇ ਨਿਸ਼ਾਨੇ ’ਤੇ ਪਹੁੰਚਣ ’ਚ 3 ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗੇਗਾ। ਉਥੇ ਪਹੁੰਚਣ ਤੋਂ ਬਾਅਦ ਇਹ ਪੁਲਾੜ ਦੇ ਲੁਕੇ ਹੋਏ ਹਿੱਸਿਆਂ ਦੀ ਹੁਣ ਤੱਕ ਦੀ ਸਭ ਤੋਂ ਵਿਆਪਕ ਤਸਵੀਰ ਪੇਸ਼ ਕਰੇਗੀ ਅਤੇ ਬ੍ਰਹਿਮੰਡ ਦੇ ਅਣਜਾਣ ਰਹੱਸਾਂ ਦਾ ਪਤਾ ਲਗਾਏਗੀ।