ਥਾਈਲੈਂਡ ਦੀ ਰਾਜਕੁਮਾਰੀ ਬਜਰਾਕਿਤਿਆਭਾ ਨਰਿੰਦਰ ਦੇਬਿਆਵਤੀ ਦਾ ਦੇਹਾਂਤ ਹੋ ਗਿਆ ਹੈ। ਉਹ 47 ਸਾਲਾਂ ਦੀ ਸੀ। ਉਹ ਤਿੰਨ ਸਾਲਾਂ ਦੇ ਵੱਧ ਸਮੇਂ ਤੋਂ ਕੋਮਾ ਵਿੱਚ ਸੀ, ਜਿਸ ਕਾਰਨ ਉਸਨੂੰ "ਸਲੀਪਿੰਗ ਪ੍ਰਿੰਸੈਸ" ਉਪਨਾਮ ਦਿੱਤਾ ਗਿਆ ਸੀ। ਦਸੰਬਰ 2022 ਵਿੱਚ ਆਪਣੇ ਕੁੱਤਿਆਂ ਨੂੰ ਘੁੰਮਾਉਂਦੇ ਸਮੇਂ ਉਹ ਅਚਾਨਕ ਡਿੱਗ ਪਈ ਸੀ। ਡਾਕਟਰਾਂ ਨੇ ਦੱਸਿਆ ਸੀ ਕਿ ਇਸਦਾ ਕਾਰਨ ਦਿਲ ਦੀ ਧੜਕਣ ਦਾ ਬਹੁਤ ਜ਼ਿਆਦਾ ਅਨਿਯਮਿਤ ਹੋਣਾ ਸੀ। ਉਹ ਉਦੋਂ ਤੋਂ ਹੀ ਕੋਮਾ ਵਿੱਚ ਸੀ।
ਸ਼ੁੱਕਰਵਾਰ ਸਵੇਰੇ ਥਾਈ ਪੈਲੇਸ ਨੇ ਇੱਕ ਬਿਆਨ ਵਿੱਚ ਉਸਦੀ ਮੌਤ ਦਾ ਐਲਾਨ ਕੀਤਾ। ਇਸ ਵਿੱਚ ਕਿਹਾ ਗਿਆ ਕਿ ਮੈਡੀਕਲ ਟੀਮ ਨੇ ਉਸਨੂੰ ਸਭ ਤੋਂ ਵਧੀਆ ਦੇਖਭਾਲ ਪ੍ਰਦਾਨ ਕੀਤੀ, ਪਰ ਉਸਦੀ ਹਾਲਤ ਲਗਾਤਾਰ ਵਿਗੜਦੀ ਰਹੀ। ਉਸਨੇ ਵੀਰਵਾਰ ਸ਼ਾਮ ਆਖਰੀ ਸਾਹ ਲਿਆ। ਪ੍ਰਧਾਨ ਮੰਤਰੀ ਅਨੁਤਿਨ ਚਰਨਵੀਰਕੁਲ ਨੇ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ, "ਇਹ ਜਾਣਕਾਰੀ ਸਿਰਫ਼ ਲੋਕਾਂ ਲਈ ਬੁਰੀ ਖ਼ਬਰ ਨਹੀਂ ਹੈ। ਇਹ ਪੂਰੇ ਦੇਸ਼ ਦੇ ਦਿਲਾਂ ਵਿੱਚ ਇੱਕ ਅਜਿਹਾ ਸੋਗ ਹੈ ਜਿਸਨੂੰ ਮਾਪਿਆ ਨਹੀਂ ਜਾ ਸਕਦਾ।" ਉਨ੍ਹਾਂ ਨੇ ਰਾਜਕੁਮਾਰੀ ਨੂੰ ਥਾਈਲੈਂਡ ਦਾ ਮਾਣ ਦੱਸਿਆ।
ਬਜਰਾਕਿਤਿਆਭਾ ਨੂੰ ਥਾਈ ਸ਼ਾਹੀ ਪਰਿਵਾਰ ਦੇ ਸਭ ਤੋਂ ਸਫਲ ਅਤੇ ਜਾਣੇ-ਪਛਾਣੇ ਮੈਂਬਰਾਂ ਵਿੱਚੋਂ ਇੱਕ ਵਜੋਂ ਦੇਖਿਆ ਜਾਂਦਾ ਸੀ, ਜੋ ਉਤਰਾਧਿਕਾਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਸੀ। ਉਹ ਰਾਜਾ ਮਹਾ ਵਜੀਰਾਲੋਂਗਕੋਰਨ ਦੇ ਸੱਤ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਸੀ। ਉਸਦਾ ਜਨਮ 7 ਦਸੰਬਰ, 1978 ਨੂੰ ਰਾਜਾ ਦੀ ਪਹਿਲੀ ਪਤਨੀ, ਰਾਜਕੁਮਾਰੀ ਸੋਮਸਾਵਾਲੀ ਦੇ ਘਰ ਹੋਇਆ ਸੀ।
ਬਜਰਕਿਤਿਆਭਾ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਅਮਰੀਕਾ ਵਿੱਚ ਕਾਰਨੇਲ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਥਾਈ ਮਿਸ਼ਨ ਨਾਲ ਥੋੜ੍ਹੇ ਸਮੇਂ ਲਈ ਸੇਵਾ ਕੀਤੀ। ਥਾਈਲੈਂਡ ਵਾਪਸ ਆਉਣ ਤੋਂ ਬਾਅਦ, ਉਨ੍ਹਾਂ ਨੇ ਬੈਂਕਾਕ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਟਾਰਨੀ ਜਨਰਲ ਦੇ ਦਫ਼ਤਰ ਵਿੱਚ ਕੰਮ ਕੀਤਾ। 2012 ਤੋਂ 2014 ਤੱਕ,ਉਨ੍ਹਾਂ ਨੇ ਆਸਟਰੀਆ, ਸਲੋਵੇਨੀਆ ਅਤੇ ਸਲੋਵਾਕੀਆ ਵਿੱਚ ਥਾਈਲੈਂਡ ਦੀ ਰਾਜਦੂਤ ਵਜੋਂ ਸੇਵਾ ਨਿਭਾਈ। ਉਹ ਥਾਈਲੈਂਡ ਦੇ ਰਾਜਾ ਦੇ ਤਿੰਨ ਬੱਚਿਆਂ ਵਿੱਚੋਂ ਇੱਕ ਸੀ, ਜਿਨ੍ਹਾਂ ਕੋਲ ਇੱਕ ਰਸਮੀ ਉਪਾਧੀ ਸੀ। ਥਾਈ ਕਾਨੂੰਨ ਦੇ ਤਹਿਤ ਉਹ ਉੱਤਰਾਧਿਕਾਰੀ ਲਈ ਯੋਗ ਸੀ। ਉਹ 2016 ਵਿੱਚ ਗੱਦੀ 'ਤੇ ਬੈਠਣ ਤੋਂ ਬਾਅਦ ਆਪਣੇ ਪਿਤਾ ਦੀ ਨਜ਼ਦੀਕੀ ਸਹਿਯੋਗੀ ਰਹੀ ਸੀ। ਉਨ੍ਹਾਂ ਨੇ ਰਾਜਾ ਦੇ ਨਿੱਜੀ ਗਾਰਡ ਵਿੱਚ ਇੱਕ ਸੀਨੀਅਰ ਅਧਿਕਾਰੀ ਵਜੋਂ ਸੇਵਾ ਨਿਭਾਈ। ਕੋਮਾ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਜਨਤਕ ਸਮਾਗਮਾਂ ਵਿੱਚ ਰਾਜਾ ਦੇ ਨੇੜੇ ਦੇਖਿਆ ਜਾਂਦਾ ਸੀ।